ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ ਵਧੀ
ਨਵੀਂ ਦਿੱਲੀ – ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ| ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅੱਜ ਇਸ ਦੇ 129 ਮਾਮਲੇ ਸਾਹਮਣੇ ਆ ਚੁੱਕੇ ਹਨ| ਇਸ ਦੇ ਨਾਲ ਹੀ ਅੱਜ ਮਹਾਰਾਸ਼ਟਰ ਵਿੱਚ ਇਕ 64 ਸਾਲ ਬਜ਼ੁਰਗ ਦੀ ਮੌਤ ਹੋ ਗਈ ਹੈ| ਭਾਰਤ ਵਿੱਚ ਇਸ ਵਾਇਰਸ ਕਾਰਨ ਇਹ ਤੀਜੀ ਮੌਤ ਹੋ ਗਈ ਹੈ| ਇਸ ਤੋਂ ਪਹਿਲਾਂ ਕਰਨਾਟਕ ਅਤੇ ਦਿੱਲੀ ਵਿੱਚ ਮੌਤ ਦੇ ਮਾਮਲੇ ਸਾਹਮਣੇ ਆਏ ਸੀ| ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਨੋਇਡਾ ਵਿੱਚ 2 ਅਤੇ ਮਹਾਰਾਸ਼ਟਰ ਵਿੱਚ ਇਕ ਤਿੰਨ ਸਾਲ ਦੀ ਬੱਚੀ ਵਿੱਚ ਕੋਰੋਨਾ ਦੇ ਲੱਛਣ ਮਿਲੇ ਹਨ| ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 13 ਵਿਅਕਤੀਆਂ ਨੂੰ ਠੀਕ ਹੋਣ ਤੇ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ| ਭਾਰਤ ਸਰਕਾਰ ਵਲੋਂ ਲੋਕਾਂ ਨੂੰ ਇਸ ਵਾਇਰਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ| ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਕਦਮ ਵੀ ਚੁੱਕੇ ਗਏ ਹਨ| ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵੀ ਸਰਕਾਰ ਵਾਪਸ ਲਿਆ ਰਹੀ ਹੈ| ਜਿਕਰਯੋਗ ਹੈ ਕਿ ਚੀਨ ਤੋਂ ਫੈਲਿਆ ਇਹ ਵਾਇਰਸ ਦੁਨੀਆ ਭਰ ਦੇ ਕਰੀਬ 160 ਤੋਂ ਵਧੇਰੇ ਦੇਸ਼ਾਂ ਵਿੱਚ ਫੈਲ ਚੁੱਕਾ ਹੈ| ਇਸ ਵਾਇਰਸ ਕਾਰਨ ਦੁਨੀਆ ਭਰ ਵਿੱਚ 7,174 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 1,82,723 ਵਿਅਕਤੀ ਵਾਇਰਸ ਦੀ ਲਪੇਟ ਵਿੱਚ ਹਨ| ਹੌਲੀ-ਹੌਲੀ ਇਹ ਵਾਇਰਸ ਦੇਸ਼ਾਂ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ| ਭਾਰਤ ਵਿੱਚ ਇਹ ਵਾਇਰਸ ਉਤਰਾਖੰਡ, ਦਿੱਲੀ, ਹਰਿਆਣਾ, ਕੇਰਲ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਲੱਦਾਖ, ਤਾਮਿਲਨਾਡੂ, ਜੰਮੂ-ਕਸ਼ਮੀਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਕੋਰੋਨਾ ਵਾਇਰਸ ਦੇ ਪਾਜੀਟਿਵ ਕੇਸ ਸਾਹਮਣੇ ਆਏ ਹਨ|






