May 21, 2026
#ਖੇਡਾਂ

ਭਾਰਤ ’ਚ ਸਾਰੇ ਕੌਮੀ ਖੇਡ ਕੈਂਪ ਮੁਲਤਵੀ

ਨਵੀਂ ਦਿੱਲੀ – ਕੋਵਿਡ-19 ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਸਾਰੇ ਕੌਮੀ ਕੈਂਪ ਅਗਲੇ ਆਦੇਸ਼ ਤੱਕ ਰੱਦ ਕਰ ਦਿੱਤੇ ਗਏ ਹਨ, ਜਦੋਂਕਿ ਟੋਕੀਓ ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ਦੇ ਕੈਂਪ ਜਾਰੀ ਰਹਿਣਗੇ। ਇਸ ਦੇ ਨਾਲ ਹੀ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਆਪਣੇ ਇੱਥੇ ਸਿਖਲਾਈ ਲੈਣ ਵਾਲਿਆਂ ਨੂੰ ਘਰ ਭੇਜਣ ਦਾ ਪ੍ਰਬੰਧ ਕਰ ਰਹੀ ਹੈ। ਖੇਡ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸੈਂਟਰ ਆਫ਼ ਐਕਸੀਲੈਂਸ ਅਤੇ ਸਾਈ ਦੇ ਕੇਂਦਰ ਵਿੱਚ ਅਕਾਦਮਿਕ ਸਿਖਲਾਈ ਵੀ ਮੁਲਤਵੀ ਰਹੇਗੀ। ਓਲੰਪਿਕ ਖੇਡਾਂ ਇਸ ਸਾਲ ਜੁਲਾਈ-ਅਗਸਤ ਵਿੱਚ ਹੋਣੀਆਂ ਹਨ।ਰਿਜਿਜੂ ਨੇ ਟਵੀਟ ਕੀਤਾ, “ਕੋਵਿਡ-19 ਕਾਰਨ ਸਾਈ ਨੇ ਤੈਅ ਕੀਤਾ ਹੈ ਕਿ ਸਾਰੇ ਕੌਮੀ ਕੈਂਪ ਮੁਲਤਵੀ ਰਹਿਣਗੇ। ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ਦੇ ਕੈਂਪ ਜਾਰੀ ਰਹਿਣਗੇ।” ਉਨ੍ਹਾਂ ਅੱਗੇ ਲਿਖਿਆ,“ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਅਤੇ ਐੱਸਟੀਸੀ ਵੀ ਅਗਲੇ ਆਦੇਸ਼ ਤੱਕ ਬੰਦ ਰਹਿਣਗੇ।” ਰਿਜਿਜੂ ਨੇ ਕਿਹਾ ਕਿ ਇਹ ਕਦਮ ਅਣਮਿਥੇ ਸਮੇਂ ਲਈ ਅਤੇ ਸਾਵਧਾਨੀ ਵਜੋਂ ਉਠਾਏ ਗਏ ਹਨ ਅਤੇ ਹਾਲਾਤ ਸੁਧਰਨ ਮਗਰੋਂ ਸਿਖਲਾਈ ਬਹਾਲ ਕਰ ਦਿੱਤੀ ਜਾਵੇਗੀ।ਬਾਅਦ ਵਿੱਚ ਸਾਈ ਨੇ ਕਿਹਾ ਕਿ ਮਨਜ਼ੂਰੀ ਮਿਲਣ ਅਤੇ ਪਾਬੰਦੀ ਵਾਪਸ ਲੈਣ ਤੱਕ ਕੋਈ ਟੂਰਨਾਮੈਂਟ, ਖੇਡ ਸਮਾਗਮ, ਸੈਮੀਨਾਰ ਜਾਂ ਵਰਕਸ਼ਾਪ ਨਹੀਂ ਕੀਤੀ ਜਾਵੇਗੀ। ਖਿਡਾਰੀਆਂ ਨੂੰ ਖੱਜਲ-ਖ਼ੁਆਰੀ ਤੋਂ ਬਚਾਉਣ ਲਈ ਹੋਸਟਲ ਦੀ ਸੁਵਿਧਾ 20 ਮਾਰਚ ਤੱਕ ਜਾਰੀ ਰਹੇਗੀ। ਸਾਈ ਨੇ ਕਿਹਾ, ‘‘ਅਗਲੇ ਕੁਝ ਦਿਨਾਂ ਦੌਰਾਨ ਜਿਨ੍ਹਾਂ ਖਿਡਾਰੀਆਂ ਦੀ ਪ੍ਰੀਖਿਆ ਹੈ, ਉਨ੍ਹਾਂ ਨੂੰ ਕੇਂਦਰ ਵਿੱਚ ਰਹਿਣ ਅਤੇ ਇਮਤਿਹਾਨ ਦੇਣ ਦੀ ਇਜਾਜ਼ਤ ਰਹੇਗੀ।’’