2025 ਤਕ ਭਾਰਤ ’ਚ ਟੀਬੀ ਦਾ ਖ਼ਾਤਮਾ ਕਰਾਂਗੇ: ਮੋਦੀ
ਨਿਊ ਯਾਰਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ਸਿਹਤ ਨੀਤੀ ਦੇ ਚਾਰ ਥੰਮ੍ਹਾਂ ਦੀ ਰੂਪ-ਰੇਖਾ ਉਲੀਕਦਿਆਂ ਐਲਾਨ ਕੀਤਾ ਕਿ ਭਾਰਤ 2025 ਤੱਕ ਟਿਊਬਰਕਿਊਲੋਸਿਸ (ਟੀਬੀ) ਨੂੰ ਜੜ੍ਹੋਂ ਖ਼ਤਮ ਕਰਨ ਦੇ ਮਿਸ਼ਨ ’ਤੇ ਡਟ ਗਿਆ ਹੈ। ਸੰਯੁਕਤ ਰਾਸ਼ਟਰ ਵਿੱਚ ਯੂਨੀਵਰਸਲ ਹੈੱਲਥ ਕਵਰੇਜ ਬਾਰੇ ਪਲੇਠੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਿਹਤ ਕਿਸੇ ਵੀ ਮੁਲਕ ਦੀ ਸਲਾਮਤੀ ਲਈ ਅਹਿਮ ਅੰਸ਼ ਹੈ। ਉਨ੍ਹਾਂ ਕਿਹਾ, ‘ਸਾਡੀ ਸਿਹਤ ਨੂੰ ਲੈ ਸਮੁੱਚੀ ਰਸਾਈ ਚਾਰ ਥੰਮ੍ਹਾਂ ’ਤੇ ਟਿਕੀ ਹੋਈ ਹੈ। ਪਹਿਲਾ ਥੰਮ੍ਹ ਇਹਤਿਆਤੀ ਸਿਹਤ ਸੰਭਾਲ ਹੈ, ਜਿਸ ਵਿੱਚ ਯੋਗਾ, ਆਯੁਰਵੇਦ ਤੇ ਫਿਟਨੈੱਸ ਆਉਂਦਾ ਹੈ…‘ਜਿਸ ’ਤੇ ਅਸੀਂ ਜ਼ੋਰ ਦਿੰਦੇ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜੀਵਨ ਸ਼ੈਲੀ ਦਾ ਹਿੱਸਾ ਬਣੇ ਰੋਗਾਂ ਜਿਵੇਂ ਬਲੱਡ ਪ੍ਰੈਸ਼ਰ, ਸ਼ੱਕਰ ਰੋਗ ਤੇ ਮਨੋਰੋਗ ਦੇ ਟਾਕਰੇ ਲਈ ਸਵਾ ਲੱਖ ਤੋਂ ਵੱਧ ਸਿਹਤ ਸੰਭਾਲ ਕੇਂਦਰ ਸਥਾਪਤ ਕੀਤੇ ਹਨ। ਸ੍ਰੀ ਮੋਦੀ ਨੇ ਕਿਹਾ, ‘‘ਨੌਜਵਾਨਾਂ ਨੂੰ ਈ-ਸਿਗਰਟ ਦਾ ਸ਼ੁਦਾਅ ਹੁੰਦਾ ਜਾ ਰਿਹਾ ਹੈ, ਜੋ ਕਿ ਵੱਡੀ ਫ਼ਿਕਰਮੰਦੀ ਦਾ ਵਿਸ਼ਾ ਹੈ। ਅਸੀਂ ਆਪਣੇ ਨੌਜਵਾਨਾਂ ਨੂੰ ਬਚਾਉਣ ਲਈ ਇਸ ’ਤੇ ਪਾਬੰਦੀ ਲਾ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਦਾ ਸਵੱਛ ਭਾਰਤ ਮਿਸ਼ਨ ਲੱਖਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦਗਾਰ ਹੋਇਆ ਹੈ।






