April 25, 2026
#ਦੇਸ਼ ਦੁਨੀਆਂ

ਮੋਦੀ ਵਲੋਂ ਭਾਰਤ ਦਾ ਅਕਸ਼ੈ ਊਰਜਾ ਉਤਪਾਦਨ ਟੀਚਾ ਦੁੱਗਣੇ ਤੋਂ ਵੀ ਵੱਧ ਕਰਨ ਦਾ ਵਾਅਦਾ

ਸੰਯੁਕਤ ਰਾਸ਼ਟਰ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਐਮਰਜੈਂਸੀ ਨਾਲ ਨਜਿੱਠਣ ਲਈ ਲੋਕਾਂ ਨੂੰ ਆਪਣੀਆਂ ਆਦਤਾਂ ਵਿੱਚ ਤਬਦੀਲੀ ਲਿਆਉਣ ਲਈ ਆਲਮੀ ਲਹਿਰ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਭਾਰਤ ਵਲੋਂ ਆਪਣੇ ਅਕਸ਼ੈ ਉੂਰਜਾ ਉਤਪਾਦਨ ਦੇ ਟੀਚੇ ਨੂੰ ਦੁੱਗਣੇ ਤੋਂ ਵੀ ਵੱਧ 450 ਗੀਗਾਵਾਟਸ ਕਰਨ ਦਾ ਵਾਅਦਾ ਕੀਤਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਆਜ਼ਾਦੀ ਦਿਹਾੜੇ ਮੌਕੇ ਆਪਣੇ ਭਾਸ਼ਣ ਦੌਰਾਨ ਪੈਰਿਸ ਸਮਝੌਤੇ ਨਾਲ ਵਚਨਬੱਧਤਾ ਪ੍ਰਗਟਾਉਂਦਿਆਂ ਐਲਾਨ ਕੀਤਾ ਸੀ ਕਿ ਭਾਰਤ ਵਲੋਂ 175 ਗੀਗਾਵਾਟਸ ਅਕਸ਼ੈ ਊਰਜਾ ਦਾ ਉਤਪਾਦਨ ਕੀਤਾ ਜਾਵੇਗਾ।ਸੰਯੁਕਤ ਰਾਸ਼ਟਰ ਵਿੱਚ ‘ਜਲਵਾਯੂ ਐਮਰਜੈਂਸੀ’ ਬਾਰੇ ਸਿਖ਼ਰ ਸੰਮੇਲਨ ਮੌਕੇ ਮੋਦੀ ਨੇ ਵਿਸ਼ਵ ਭਰ ਦੇ ਆਗੂਆਂ ਦੀ ਮੌਜੂਦਗੀ ਵਿੱਚ ਕਿਹਾ, ‘‘ਸਾਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਜੇਕਰ ਅਸੀਂ ਵਾਤਾਵਰਣ ਤਬਦੀਲੀ ਜਿਹੀ ਗੰਭੀਰ ਚੁਣੌਤੀ ਨੂੰ ਮਾਤ ਦੇਣੀ ਹੈ, ਤਾਂ ਜੋ ਅਸੀਂ ਕਰ ਰਹੇ ਹਾਂ ਉਹ ਕਾਫ਼ੀ ਨਹੀਂ ਹੈ।’’ ਸੰਯੁਕਤ ਰਾਸ਼ਟਰ ਵਿੱਚ ਆਪਣੇ ਪਹਿਲੇ ਪ੍ਰੋਗਰਾਮ ਮੌਕੇ ਉਨ੍ਹਾਂ ਅੱਗੇ ਕਿਹਾ, ‘‘ਵਿਚਾਰਾਂ ਦਾ ਸਮਾਂ ਸਮਾਪਤ ਹੋ ਗਿਆ ਹੈ, ਹੁਣ ਦੁਨੀਆਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਦੀ ਲੋੜ ਹੈ।’’ ਮੋਦੀ ਨੇ ਐਲਾਨ ਕੀਤਾ ਕਿ ਭਾਰਤੀ ਸੂਰਜੀ ਊਰਜਾ, ਪੌਣ ਊਰਜਾ, ਪਣਬਿਜਲੀ ਊਰਜਾ ਜਿਹੇ ਗੈਰ-ਪਥਰਾਟੀ ਈਂਧਣ ਦੇ ਉਤਪਾਦਨ ਵਿੱਚ ਆਪਣੀ ਹਿੱਸੇਦਾਰੀ ਵਧਾਏਗਾ। ਉਨ੍ਹਾਂ ਕਿਹਾ, ‘‘ਸਾਡੀਆਂ ਆਦਤਾਂ ਵਿੱਚ ਤਬਦੀਲੀ ਲਿਆਉਣ ਲਈ ਆਲਮੀ ਲੋਕ ਅੰਦੋਲਨ ਦੀ ਲੋੜ ਹੈ। ਕੁਦਰਤ ਦਾ ਸਨਮਾਨ, ਸਾਧਨਾਂ ਦੀ ਸਹੀ ਵਰਤੋਂ, ਆਪਣੀਆਂ ਲੋੜਾਂ ਘੱਟ ਕਰਨਾ ਅਤੇ ਆਪਣੇ ਸਾਧਨਾਂ ਵਿੱਚ ਰਹਿਣਾ, ਇਹ ਸਭ ਸਾਡੀ ਰਵਾਇਤ ਅਤੇ ਮੌਜੂਦਾ ਕੋਸ਼ਿਸ਼ਾਂ ਦੇ ਅਹਿਮ ਪਹਿਲੂ ਰਹੇ ਹਨ ਅਤੇ ਇਸ ਕਰਕੇ ਅੱਜ ਭਾਰਤ ਕੇਵਲ ਇਸ ਮੁੱਦੇ ’ਤੇ ਕੇਵਲ ਗੱਲਬਾਤ ਕਰਨ ਲਈ ਨਹੀਂ ਬਲਕਿ ਇਕ ਵਿਵਹਾਰਿਕ ਰੂਪ ਅਤੇ ਖਾਕਾ ਪੇਸ਼ ਕਰਨ ਆਇਆ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਪੈਟਰੋਲ ਅਤੇ ਡੀਜ਼ਲ ਵਿੱਚ ਮਨਾਉਣ ਲਈ ਜੈਵਿਕ ਈਂਧਣ ਦਾ ਅਨੁਪਾਤ ਵਧਾਉਣ ’ਤੇ ਵੀ ਕੰਮ ਕਰੇਗਾ।’’