ਸਰਬੱਤ ਸਿਹਤ ਬੀਮਾਂ ਯੋਜਨਾ ਤਹਿਤ ਸਿਵਲ ਹਸਪਤਾਲ ਬਟਾਲਾ ‘ਚ 345 ਮਰੀਜ਼ਾਂ ਨੇ ਲਿਆ ਲਾਭ
ਬਟਾਲਾ – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਮ ਲੋਕਾਂ ਨੂੰ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਸਰਕਾਰ ਦੀ ਸਿਹਤ ਬੀਮਾ ਯੋਜਨਾ ਰੋਗੀਆਂ ਦੇ ਦੁੱਖ ਕੱਟਣ ਵਿੱਚ ਅਹਿਮ ਸਾਬਤ ਹੋ ਰਹੀ ਹੈ। ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਇਸ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ ਜਿਸ ਤਹਿਤ ਹੁਣ ਤੱਕ 345 ਮਰੀਜ਼ ਆਪਣਾ ਮੁਫ਼ਤ ਇਲਾਜ ਕਰਾ ਚੁੱਕੇ ਹਨ। ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦਾ ਸਿਹਤ ਕਵਰ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਤਕਰੀਬਨ 2.50 ਲੱਖ ਪਰਿਵਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨਲ ਸਿਵਲ ਹਸਪਤਾਲ ਬਟਾਲਾ ਵਿਖੇ ਇਹ ਯੋਜਨਾ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ 245 ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ ਜਿਸ ਵਿੱਚ ਕਈ ਮਰੀਜਾਂ ਦੀ ਸਰਜਰੀ, ਹੱਡੀਆਂ ਦੇ ਪਲੇਟਾਂ ਕੱਢੀਆਂ ਅਤੇ ਪਾਈਆਂ ਗਈਆਂ ਹਨ, ਇਸ ਤੋਂ ਇਲਾਵਾ ਸੀ.ਟੀ. ਸਕੈਨ, ਐੱਮ.ਆਈ.ਆਰ. ਵੀ ਕੀਤੀਆਂ ਗਈਆਂ ਹਨ। ਡਾਇਲਸੈਸ, ਮੈਡੀਕਲ, ਗਾਇਨੀ, ਸਰਜਰੀ, ਅੱਖਾਂ ਦਾ, ਐਮਰਜੈਂਸੀ ਸੇਵਾਵਾਂ, ਟਰੋਮਾ, ਜੱਚਾ-ਬੱਚਾ ਵਿਭਾਗ ਵਿੱਚ ਵਿਸ਼ੇਸ਼ ਤੌਰ ‘ਤੇ ਸੇਵਾਵਾਂ ਦਿੱਤੀ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਬੀਮਾਂ ਯੋਜਨਾ ਤਹਿਤ ਮੁਫ਼ਤ ਕੀਤਾ ਗਿਆ ਹੈ।






