ਲਿਓਨਲ ਮੇਸੀ ਨੇ ਛੇਵੀਂ ਵਾਰ ਆਪਣੇ ਨਾਂ ਕੀਤਾ ਫੀਫਾ ਬੈਸਟ ਫੁੱਟਬਾਲਰ ਦਾ ਐਵਾਰਡ
ਅਰਜਟੀਨਾ – ਅਰਜਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੇਸੀ ਨੇ ਛੇਵੀਂ ਵਾਰ ਫੀਫਾ ਫੁੱਟਬਾਲਰ ਆਫ ਦਿ ਈਅਰ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ| ਇਟਲੀ ਦੇ ਮਿਲਾਨ ਵਿੱਚ ਹੋਏ ਇਸ ਐਵਾਰਡ ਸਮਾਗਮ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ ਹਿੱਸਾ ਨਹੀਂ ਲਿਆ| ਫੀਫਾ ਬੈਸਟ ਪਲੇਅਰ ਆਫ ਦਿ ਈਅਰ ਦੀ ਖਿਤਾਬੀ ਦੋੜ ਵਿੱਚ ਮੇਸੀ ਅਤੇ ਰੋਨਾਲਡੋ ਦੇ ਨਾਂ ਅੱਗੇ ਚੱਲ ਰਹੇ ਸਨ, ਪਰ ਅਖੀਰ ਵਿੱਚ ਮੇਸੀ ਨੇ ਬਾਜ਼ੀ ਮਾਰ ਲਈ| ਖਿਤਾਬ ਦੀ ਦੋੜ ਵਿੱਚ ਇਨ੍ਹਾਂ ਦੋਨਾਂ ਦਿੱਗਜਾਂ ਤੋਂ ਇਲਾਵਾ ਨੀਦਰਲੈਂਡ ਦੇ ਫੁੱਟਬਾਲਰ ਵਰਜਿਲ ਵਾਨ ਦਿੱਕ ਵੀ ਸ਼ਾਮਲ ਸਨ| ਬਾਰਸਿਲੋਨਾ ਦੇ ਕਪਤਾਨ ਨੇ ਰਿਕਾਰਡ ਛੇਵੀਂ ਵਾਰ ਇਸ ਖਿਤਾਬ ਤੇ ਆਪਣਾ ਕਬਜਾ ਜਮਾਇਆ| ਮੇਸੀ ਇਸ ਤੋਂ ਪਹਿਲਾਂ 2009,2010, 2011, 2012 ਅਤੇ 2015 ਵਿੱਚ ਇਹ ਇਨਾਮ ਜਿੱਤ ਚੁੱਕੇ ਹਨ| 2007 ਵਿੱਚ ਬ੍ਰਾਜ਼ੀਲ ਦੇ ਕਾਕੇ ਦੇ ਇਹ ਐਵਾਰਡ ਜਿੱਤਣ ਤੋਂ ਬਾਅਦ 2017 ਤੱਕ ਇਸ ਐਵਾਰਡ ਤੇ ਮੇਸੀ ਅਤੇ ਰੋਨਾਲਡੋ ਦਾ ਹੀ ਕਬਜਾ ਰਿਹਾ ਹੈ| ਪੁਰਤਗਾਲ ਦੇ ਰੋਨਾਲਡੋ ਵੀ ਪੰਜ ਵਾਰ ਇਹ ਐਵਾਰਡ ਜਿੱਤ ਚੁੱਕੇ ਹਨ| ਦੱਸ ਦੇਈਏ ਕਿ ਪਿਛਲੇ ਸਾਲ ਕਰੋਏਸ਼ੀਆ ਦੇ ਮਿਡਫੀਲਡਰ ਨੇ ਲੁਕਾ ਮੋਡਰਿਚ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ| ਲੁਕਾ ਮੋਡਰਿਚ ਨੇ ਪਿਛਲੇ ਸਾਲ ਮੇਸੀ ਅਤੇ ਰੋਨਾਲਡੋ ਨੂੰ ਪਿੱਛੇ ਛੱਡ ਪਹਿਲਾ ਬਾਲੋਨ ਡੀ ਓਰ ਖਿਤਾਬ ਵੀ ਜਿੱਤੀਆ ਸੀ| ਸਭ ਤੋਂ ਬਿਹਤਰੀਨ ਕੋਚ ਦਾ ਖਿਤਾਬ ਲੀਵਰਪੂਲ ਦੇ ਕਲਬ ਮੈਨੇਜਰ ਜਰਗਨ ਕਲਾਪ ਨੇ ਜਿੱਤਿਆ| ਉਨ੍ਹਾਂ ਨੇ ਪਿਛਲੇ ਸਾਲ ਇਸ ਟੀਮ ਨੂੰ ਆਪਣੀ ਕੋਚਿੰਗ ਨਾਲ ਚੈਂਪੀਅਨਸ ਲੀਗ ਦਾ ਖਿਤਾਬ ਜਿਤਾਇਆ ਸੀ| ਉਥੇ ਹੀ ਬੈਸਟ ਗੋਲਕੀਪਰ ਦਾ ਐਵਾਰਡ ਵੀ ਲੀਵਰਪੂਲ ਟੀਮ ਦੇ ਐਲਿਸਨ ਨੂੰ ਮਿਲਿਆ| ਉਥੇ ਹੀ ਮਹਿਲਾ ਖਿਡਾਰੀਆਂ ਵਿੱਚ ਪਹਿਲੀ ਵਾਰ ਫੀਫਾ ਵੂਮੇਨ ਫੁੱਟਬਾਲਰ ਆਫ ਦਿ ਈਅਰ ਦਾ ਖਿਤਾਬ ਮੇਗਨ ਰਪਿਨੋ ਨੇ ਜਿੱਤਿਆ| ਬੈਸਟ ਮਹਿਲਾ ਗੋਲਕੀਪਰ ਦਾ ਐਵਾਰਡ ਨੀਦਰਲੈਂਡ ਦੀ ਖਿਡਾਰੀ ਵੈਨ ਵੀਨੇਦਾਲ ਨੂੰ ਮਿਲਿਆ ਹੈ| ਅਮਰੀਕੀ ਟੀਮ ਦੀ ਕੋਚ ਜਿਲ ਐਲਿਸ ਨੂੰ ਸਭ ਤੋਂ ਬਿਹਤਰੀਨ ਕੋਚ ਦਾ ਐਵਾਰਡ ਮਿਲਿਆ|






