April 29, 2026
#ਭਾਰਤ

ਹੈਦਰਾਬਾਦ ਤੇ ਇੰਦੌਰ ਵਿੱਚ ਅੱਗ ਲੱਗਣ ਕਾਰਨ ਜਾਨ ਤੇ ਮਾਲ ਦਾ ਭਾਰੀ ਨੁਕਸਾਨ

ਨਵੀਂ ਦਿੱਲੀ – ਹੈਦਰਾਬਾਦ ਤੇ ਮੱਧ ਮ੍ਰਦੇਸ਼ ਦੇ ਇੰਦੌਰ ਵਿੱਚ ਅੱਜ ਭਿਆਨਕ ਅੱਗ ਲੱਗਣ ਨਾਲ ਜਾਨ ਤੇ ਮਾਲ ਦਾ ਕਾਫੀ ਨੁਕਸਾਨ ਹੋਇਆ| ਹੈਦਰਾਬਾਦ ਦੇ ਐਲਬੀਨਗਰ ਵਿੱਚ ਇੱਲ ਨਿੱਜੀ ਬਾਲ ਹਸਪਤਾਲ ਵਿੱਚ ਤੜਕੇ ਅੱਗ ਲੱਗ ਜਾਣ ਨਾਲ ਇੱਕ ਤਿੰਨ ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ| ਉਧਰ ਇੰਦੌਰ ਵਿੱਚ ਭਿਆਨਕ ਅੱਗ ਲੱਗਣ ਦੇ ਨਾਲ ਚਾਰ ਮੰਜ਼ਲਾ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ|ਹਸਪਤਾਲ ਵਿੱਚ ਅੱਗ ਰਾਤ ਕਰੀਬ ਦੋ ਵੱਜ ਕੇ 55 ਮਿੰਟ ਤੇ ਐਨਆਈਸੀਯੂ ਵਿੱਚ ਲੱਗੀ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹੋਏ ਹਨ| ਅੱਗ ਬੁਝਾਊ ਵਿਭਾਗ ਨੇ ਸਮੇਂ ਤੇ ਪਹੁੰਚ ਅੱਗ ਤੇ ਕਾਬੂ ਪਾ ਲਿਆ| ਇਸ ਅੱਗ ਦਾ ਕਾਰਨ ਸ਼ੌਰਟ ਸਰਕਿਟ ਦੱਸਿਆ ਜਾ ਰਿਹਾ ਹੈ|ਦੂਜੇ ਪਾਸੇ ਇੰਦੌਰ ਵਿੱਚ ਚਾਰ ਮੰਜ਼ਲਾ ਹੋਟਲ ਅੱਗ ਨਾਲ ਬੁਰੀ ਤਰ੍ਹਾਂ ਖ਼ਤਮ ਹੋ ਗਿਆ| ਹਾਦਸੇ ਵਿੱਚ ਅਜੇ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ| ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਨੇ ਦੋ ਘੰਟੇ ਵਿੱਚ ਚਾਰ ਮੰਜ਼ਲਾ ਹੋਟਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ| ਅੱਗ ਦੀ ਲਪਟਾਂ ਨਾਲ ਉੱਠਿਆ ਧੂੰਆਂ ਦੂਰ ਤਕ ਵੇਖਿਆ ਜਾ ਸਕਦਾ ਸੀ|ਹੋਟਲ ਵਿੱਚ 25 ਕਮਰੇ ਸੀ ਤੇ ਕਰਮੀਆਂ ਨੇ ਅੱਗ ਤੇ ਕਾਬੂ ਪਾਉਣ ਲਈ ਕਾਫੀ ਮੁਸ਼ਕਤ ਕੀਤੀ| ਅੱਗ ਹੋਟਲ ਦੇ ਅੰਦਰਲੇ ਹਿੱਸੇ ਵਿੱਚ ਫੈਲ ਰਹੀ ਸੀ ਜਦਕਿ ਕਰਮੀਆਂ ਨੇ ਬਾਹਰ ਤੋਂ ਪਾਣੀ ਦਾ ਛਿੜਕਾਅ ਕੀਤਾ| ਹੋਟਲ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ|