April 24, 2026
#ਖੇਡਾਂ

ਆਸਟਰੇਲੀਆ ਨੇ ਸ੍ਰੀਲੰਕਾ ਤੋਂ ਟੀ-20 ਲੜੀ ਜਿੱਤੀ

ਡੇਵਿਡ ਵਾਰਨਰ ਅਤੇ ਸਟੀਵ ਸਮਿੱਥ ਦੇ ਨਾਬਾਦ ਨੀਮ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਸ੍ਰੀਲੰਕਾ ਨੂੰ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਨੌਂ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਮੇਜ਼ਬਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾ ਲਈ ਹੈ। ਪਾਕਿਸਤਾਨ ’ਤੇ 3-0 ਨਾਲ ਜਿੱਤ ਦਰਜ ਕਰਨ ਮਗਰੋਂ ਸ੍ਰੀਲੰਕਾ ਇੱਥੇ ਪਹੁੰਚੀ ਸੀ। ਇਹ ਮਹਿਮਾਨ ਟੀਮ ਲਈ ਵੱਡਾ ਝਟਕਾ ਹੈ ਕਿਉਂਕਿ ਐਡੀਲੇਡ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਉਹ 134 ਦੌੜਾਂ ਨਾਲ ਹਾਰ ਗਈ ਸੀ। ਤੀਜਾ ਅਤੇ ਆਖ਼ਰੀ ਮੈਚ ਮੈਲਬਰਨ ਵਿੱਚ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ।ਆਸਟਰੇਲੀਆ ਦੀ ਕਿਫ਼ਾਇਤੀ ਗੇਂਦਬਾਜ਼ੀ ਸਾਹਮਣੇ ਸ੍ਰੀਲੰਕਾ 19 ਓਵਰਾਂ ਵਿੱਚ 117 ਦੌੜਾਂ ’ਤੇ ਢੇਰ ਹੋ ਗਈ। ਕੁਸਾਲ ਪਰੇਰਾ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ। ਆਸਟਰੇਲੀਆ ਨੇ 13 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਟੀਚਾ ਹਾਸਲ ਕਰ ਲਿਆ, ਜਦੋਂਕਿ 42 ਗੇਂਦਾਂ ਰਹਿੰਦੀਆਂ ਸਨ।