ਲਾਸ ਏਂਜਲਸ ਵਿੱਚ ਭਾਰੀ ਅੱਗ ਕਾਰਨ ਕਈ ਹਾਲੀਵੁੱਡ ਸਿਤਾਰਿਆਂ ਦੇ ਘਰ ਸੜ ਕੇ ਸੁਆਹ
ਲਾਸ ਏਂਜਲਸ – ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਲਾਸ ਏਂਜਲਸ ਤਕ ਪਹੁੰਚ ਗਈ ਹੈ| ਹਾਲੀਵੁੱਡ ਦੇ ਕਈ ਸਿਤਾਰਿਆਂ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਘਰ ਸੜ ਕੇ ਸੁਆਹ ਹੋ ਗਏ| ਲਾਸ ਏਂਜਲਸ ਦੇ ਕਈ ਲੋਕ ਆਪਣੇ ਘਰ ਖਾਲੀ ਕਰ ਕੇ ਸੁਰੱਖਿਅਤ ਥਾਵਾਂ ਤੇ ਜਾਣ ਲਈ ਮਜਬੂਰ ਹੋਏ ਹਨ| ਪਿਛਲੇ ਬੁੱਧਵਾਰ ਲੱਗੀ ਇਸ ਅੱਗ ਕਾਰਣ ਹੁਣ ਤਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ| ਜਾਣਕਾਰੀ ਮੁਤਾਬਕ ਮੁਖ ਅੱਗ ਕੈਲੀਫੋਰਨੀਆ ਦੇ ਸੋਨੋਮਾ ਕਾਊਂਟੀ ਨਾਮੀ ਥਾਂ ਤੇ ਲੱਗੀ ਹੈ| ਸੂਬੇ ਦੇ ਸਾਨ ਫਰਾਂਸਿਸਕੋ ਸ਼ਹਿਰ ਦੇ ਆਕਾਰ ਤੋਂ ਦੁੱਗਣੇ ਖੇਤਰ ਵਿੱਚ ਇਹ ਅੱਗ ਫੈਲ ਚੁੱਕੀ ਹੈ| ਇਹ ਖੇਤਰ ਲਗਭਗ 22000 ਏਕੜ ਬਣਦਾ ਹੈ| ਸ਼ਰਾਬ ਦੀ ਇਕ ਡੇਢ ਸੌ ਸਾਲ ਪੁਰਾਣੀ ਫੈਕਟਰੀ ਸੜ ਕੇ ਸੁਆਹ ਹੋ ਗਈ ਹੈ| ਉਥੇ ਸਿਰਫ ਸਟੀਲ ਦੀ ਮੂਰਤੀ ਹੀ ਬਚੀ ਹੈ| ਲਾਸ ਏਂਜਲਸ ਦੀਆਂ ਕਈ ਵੱਡੀਆਂ ਕੋਠੀਆਂ ਭਸਮ ਹੋ ਗਈਆਂ ਹਨ| ਇਹ ਕੋਠੀਆਂ ਕਈ ਮੰਨੇ ਪ੍ਰਮੰਨੇ ਵਿਅਕਤੀਆਂ ਦੀਆਂ ਦੱਸੀਆਂ ਜਾਂਦੀਆਂ ਹਨ|ਅੱਗ ਦਾ ਧੂੰਆਂ ਲਾਸ ਏਂਜਲਸ ਦੇ ਕਈ ਇਲਾਕਿਆਂ ਵਿੱਚ ਪਹੁੰਚਣ ਕਾਰਣ ਹਵਾ ਦਾ ਪੱਧਰ ਖਰਾਬ ਹੋ ਚੁੱਕਾ ਹੈ| ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ| ਵੱਖ-ਵੱਖ ਸਕੂਲਾਂ ਦੇ 10,000 ਤੋਂ ਵੱਧ ਬੱਚੇ ਘਰਾਂ ਵਿੱਚ ਬੈਠਣ ਨੂੰ ਮਜਬੂਰ ਹਨ| ਪਿਛਲੇ ਸਾਲ ਲੱਗੀ ਅੱਗ ਕਾਰਣ 85 ਵਿਅਕਤੀ ਮਾਰੇ ਗਏ ਸਨ| ਕੈਲੀਫੋਰਨੀਆ ਦੇ ਜੰਗਲਾਂ ਵਿੱਚ ਹਰ ਸਾਲ ਹੀ ਅੱਗ ਲੱਗਦੀ ਹੈ, ਜਿਸ ਕਾਰਣ ਭਾਰੀ ਮਾਲੀ ਨੁਕਸਾਨ ਹੁੰਦਾ ਹੈ|






