April 28, 2026
#ਪੰਜਾਬ

4 ਵੱਡੇ ਕਾਰਨਾਂ ਕਰਕੇ ਪੰਜਾਬ ਦਾ ਸਿੱਖਿਆ ਖੇਤਰ ਡੁਬਿਆ

ਮੋਹਾਲੀ – ਪੰਜਾਬ ਦਾ ਸਿੱਖਿਆ ਖੇਤਰ ਦੇਸ਼ ਦੇ ਚਾਰ ਵੱਡੇ ਕਾਰਨਾਂ ਕਰਕੇ ਸਭ ਤੋ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ। ਇਹ ਗੱਲ ਪੁੱਕਾ ਦੇ ਪ੍ਰਧਾਨ ਅਤੇ ਆਰਿਅਨਜ਼ ਗਰੁੱਪ ਆਫ ਕਾਲੇਜਿਜ਼ ਦੇ ਚੇਅਰਮੈਨ ਡਾ.ਅੰਸ਼ੂ ਕਟਾਰੀਆ ਨੇ ਕਹੀ।ਕਟਾਰੀਆ ਨੇ ਚਾਰ ਵੱਡੇ ਕਾਰਨਾਂ ਨੂੰ ਦੱਸਦਿਆਂ ਕਿਹਾ ਕੇ ਇੱਕ ਪਾਸੇ ਜਮੂ ਕਸ਼ਮੀਰ ਵਿੱਚ ਕਰਫਿਊ ਦੇ ਕਾਰਨ ਹਜਾਰਾਂ ਵਿਦਿਆਰਥੀ ਦਾਖਲਿਆਂ ਲਈ ਘਾਟੀ ਤੋ ਨਹੀ ਆ ਸਕੇ, ਜਦਕਿ ਦੂਜੇ ਪਾਸੇ ਬਿਹਾਰ ਦੇ ਹਜਾਰਾਂ ਵਿਦਿਆਰਥੀ ਬਿਹਾਰ ਕ੍ਰੇਡਿਟ ਕਾਰਡ ਸਕੀਮ ਦੇ ਬੰਦ ਹੋਣ ਨਾਲ ਕਾਲਜ ਛੱਡ ਕੇ ਵਾਪਸ ਚਲੇ ਗਏ ਹਨ। ਪੰਜਾਬੀ ਵਿਦਿਆਰਥੀ ਆਪਣੀ ਪੜਾਈ ਲਈ ਕੈਨੇਡਾ, ਬ੍ਰਿਟੇਨ ਆਦਿ ਜਾ ਰਹੇ ਹਨ ਅਤੇ ਆਸ਼ਾ ਦੀ ਆਖਰੀ ਕਿਰਨ ਪੰਜਾਬ ਦੇ ਐਸਸੀ ਵਿਦਿਆਰਥੀਆਂ ਤੋ ਸੀ, ਜਿਸ ਵਿੱਚ ਪੰਜਾਬ ਦੀ 35% ਆਬਾਦੀ ਸ਼ਾਮਿਲ ਹੈ। ਤਿੰਨ ਸਾਲ ਤੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਗੈਰ-ਭੁਗਤਾਨ ਦੇ ਕਾਰਣ ਪੰਜਾਬ ਦੇ ਅਨਏਡਿਡ ਕਾਲਜਾਂ ਵਿੱਚ ਐਸਸੀ ਵਿਦਿਆਰਥੀਆਂ ਦੀ ਗਿਣਤੀ ਘੱਟ ਹੋ ਰਹੀ ਹੈ। ਆਖਰਕਾਰ, ਬਹੁਤ ਸਾਰੇ ਪੰਜਾਬੀ ਵਿਦਿਆਰਥੋ ਕੈਨੇਡਾ, ਅਸਟਰੇਲੀਆ ਆਦਿ ਵਿੱਚ ਪੜਨ ਦੀ ਯੋਜਨਾ ਬਣਾ ਰਹੇ ਹਨ ਜਿਸ ਕਰਕੇ ਪੰਜਾਬ ਦੇ ਕਾਲਜ ਰੇਗਿਸਤਾਨ ਵਾਂਗ ਵਿਰਾਨ ਹੋ ਗਏ ਹਨ।
ਜੰਮੂ ਕਸ਼ਮੀਰ ਵਿੱਚ ਧਾਰਾ 370 ਦਾ ਰੱਦ ਹੋਣਾ
ਅੰਸ਼ੂ ਕਟਾਰੀਆ ਨੇ ਕਿਹਾ ਕਿ ਜੰਮੂ ਕਸ਼ਮੀਰ ਤੋ ਲਗਭਗ 10,000 ਵਿਦਿਆਰਥੀ ਹਰ ਸਾਲ ਟ੍ਰਾਈਸਿਟੀ, ਅਮ੍ਰਿਤਸਰ ਬੈਲਟ ਅਤੇ ਜਲੰਧਰ ਦੇ ਵੱਖ-ਵੱਖ ਕਾਲਜਾਂ ਵਿੱਚ ਦਾਖਲਾ ਲੈਦੇਂ ਹਨ। ਪਰ ਜੰਮੂ ਕਸ਼ਮੀਰ ਵਿੱਚ ਧਾਰਾ 370 ਰੱਦ ਕੀਤੇ ਜਾਣ ਤੋ ਬਾਅਦ ਅਤੇ ਕਰਫਿਊ ਦੇ ਕਾਰਨ ਘਾਟੀ ਦੇ ਹਜਾਰਾਂ ਵਿਦਿਆਰਥੀ 2019–20 ਸੈਸ਼ਨ ਦੇ ਦਾਖਲਿਆਂ ਲਈ ਕਾਲਜਾਂ ਵਿੱਚ ਨਹੀ ਜਾ ਸਕੇ।
ਬਿਹਾਰ ਕ੍ਰੇਡਿਟ ਕਾਰਡ ਸਕੀਮ ਵਿੱਚ ਤਬਦੀਲੀਆਂ
ਬਿਹਾਰ ਸਰਕਾਰ ਨੇ ਅਚਾਨਕ ਗੈਰ ਨੈਕ ਕਾਲਜਾਂ ਲਈ ਬਿਹਾਰ ਕ੍ਰੇਡਿਟ ਕਾਰਡ ਸਕੀਮ ਬੰਦ ਕਰ ਦਿੱਤੀ। ਇਸ ਯੋਜਨਾ ਦੇ ਤਹਿਤ ਬਿਹਾਰ ਦੇ ਵਿਦਿਆਰਥੀ ਆਪਣੀ ਉੱਚ ਸਿੱਖਿਆ ਲਈ 4 ਸਾਲਾਂ ਵਿੱਚ 4 ਲੱਖ ਪ੍ਰਾਪਤ ਕਰਦੇ ਸਨ ਜੋ ਸਿੱਧੇ ਤੋਰ ਤੇ ਸਬੰਧਤ ਕਾਲਜਾਂ ਨੂੰ ਅਦਾ ਕੀਤੀ ਜਾਂਦੀ ਸੀ। ਇਸ ਯੋਜਨਾ ਦੇ ਤਹਿਤ ਲਗਭਗ 5,000 ਵਿਦਿਆਰਥੀ ਪੜ ਰਹੇ ਸਨ ਅਤੇ ਲਗਭਗ 10,000 ਵਿਦਿਆਰਥੀਆਂ ਦੀ ਪੰਜਾਬ ਵਿੱਚ ਦਾਖਲ ਹੋਣ ਦੀ ਉਮੀਦ ਸੀ ਪਰ 5 ਜੁਲਾਈ, 2019 ਨੂੰ ਅਚਾਨਕ ਇਸ ਸਕੀਮ ਦੇ ਬੰਦ ਹੋਣ ਨਾਲ ਨਾ ਸਿਰਫ ਅਨਏਡਿਡ ਕਾਲਜਾਂ ਬਲਕਿ ਬਿਹਾਰ ਦੇ ਵਿਦਿਆਰਥੀਆਂ ਲਈ ਵੀ ਮੁਸੀਬਤ ਖੜੀ ਹੋ ਗਈ। ਪੰਜਾਬ ਵਿੱਚ ਨੈਕ ਗ੍ਰੇਡ ਏ ਕਾਲਜਾਂ ਦੀ ਗਿਣਤੀ ਕੁੱਲ ਕਾਲਜਾਂ ਵਿੱਚ 1% ਵੀ ਨਹੀ ਹੈ।
ਪੀਐਮਐਸ ਫੰਡਾਂ ਵਿੱਚ ਦੇਰੀ
ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਮਿਤ ਸ਼ਰਮਾ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਦੇ ਲਈ ਲਗਭਗ 3 ਸਾਲਾਂ ਦੀ 1400 ਕਰੋੜ ਰੁਪਏ ਦੀ ਰਾਸ਼ੀ ਸਰਕਾਰ ਵੱਲ ਬਕਾਇਆ ਹੈ ਜਿਸ ਵਿੱਚ 2016-17 ਦੇ 415.60 ਕਰੋੜ ਰੁਪਏ, ਸਾਲ 2017–18 ਦੇ 538 ਕਰੋੜ ਰੁਪਏ, ਸਾਲ 2018-19 ਦੇ 437.19 ਕਰੋੜ ਰੁਪਏ ਹਨ। ਇਸ ਕੁੱਲ 1400 ਕਰੋੜ ਨੇ ਪੰਜਾਬ ਦੇ ਕਾਲਜਾਂ ਵਿੱਚ ਵਿੱਤੀ ਸੰਕਟ ਪੈਦਾ ਕਰ ਦਿੱਤਾ ਹੈ।
ਅਮਿਤ ਸ਼ਰਮਾ ਨੇ ਅੱਗੇ ਕਿਹਾ ਕਿ ਅਨਏਡਿਡ ਕਾਲਜ ਆਪਣੇ ਕਾਲਜਾਂ ਨੂੰ ਬਚਾਉਣ ਲਈ ਸਖਤ ਮਿਹਨਤ ਕਰ ਰਹੇ ਹਨ । ਅਨਏਡਿਡ ਕਾਲਜ ਜਦ ਤਿੰਨ ਮਹੀਨਿਆਂ ਤੱਕ ਆਪਣਾ ਬੈਂਕ ਕਰਜਾ ਨਹੀ ਚੁਕਾਉਂਦੇ ਤਾਂ ਉਹਨਾਂ ਨੂੰ ਐਨਪੀਏ ਘੋਸ਼ਿਤ ਕਰ ਦਿੱਤਾ ਜਾਂਦੇ ਹੈ ਅਤੇ ਬੈਂਕ ਕਾਲਜਾਂ/ਟਰੱਸਟਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੰਦੇ ਹਨ।
ਵਿਦੇਸ਼ੀ ਦੇਸ਼ਾਂ ਲਈ ਭਾਰੀ ਇੰਮੀਗ੍ਰੇਸ਼ਨ
ਕਟਾਰੀਆ ਨੇ ਅੱਗੇ ਕਿਹਾ ਕਿ ਹਰ ਸਾਲ ਪੰਜਾਬ ਦੇ 1.50 ਲੱਖ ਤੋ ਵੱਧ ਵਿਦਿਆਰਥੀ 12ਵੀਂ ਤੋ ਬਾਅਦ ਆਪਣੀ ਉੱਚ ਸਿੱਖਿਆ ਲਈ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਵਿੱਚ ਜਾ ਰਹੇ ਹਨ। ਇਸ ਦੇ ਨਤੀਜੇ ਵਜੋਂ ਪੰਜਾਬ ਦੇ ਕਈ ਪੁਰਾਣੇ ਇੰਜਨੀਅਰਿੰਗ ਕਾਲਜ ਬੰਦ ਹੋ ਗਏ ਹਨ।