ਬਿਖਰਿਆ ਹੋਇਆ ਪਲਾਸਟਿਕ ਸਭ ਤੋਂ ਵੱਡਾ ਸੰਕਟ : ਜਾਵਡੇਕਰ
ਨਵੀਂ ਦਿੱਲੀ – ਸਰਕਾਰ ਨੇ ਕਿਹਾ ਹੈ ਕਿ ਬਿਖਰਿਆ ਹੋਇਆ ਪਲਾਸਟਿਕ ਵਾਤਾਵਰਣ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸੰਕਟ ਹੈ ਅਤੇ ਇਸ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਪਲਾਸਟਿਕ ਇਕੱਠੇ ਕਰਨ ਲਈ ਚਲਾਏ ਜਾ ਰਹੇ ਅੰਦੋਲਨ ਵਿੱਚ ਸਾਰਿਆਂ ਦਾ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਨੂੰ ਬਹੁਤ ਵੱਡੀ ਸਫ਼ਲਤਾ ਮਿਲ ਰਹੀ ਹੈ| ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਲੋਕ ਸਭਾ ਵਿੱਚ ਇਕ ਪ੍ਰਸ਼ਨ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਕਟ ਦੇ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਸਿੰਗਲ ਯੂਜ਼ ਪਲਾਸਟਿਕ’ ਨੂੰ ‘ਨੋ’ ਕਹਿਣ ਦਾ ਸੁਝਾਅ ਪ੍ਰਭਾਵਸ਼ਾਲੀ ਸਾਬਤ ਹੋ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਲੋਕ ਇਸ ਸੰਦੇਸ਼ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ| ਉਨ੍ਹਾਂ ਨੇ ਕਿਹਾ ਕਿ ਪਾਨ ਪਰਾਗ ਆਦਿ ਦੇ ਛੋਟੇ-ਛੋਟੇ ਪਾਊਚ ਸੜਕਾਂ ਅਤੇ ਪਾਰਕਿੰਗ ਸਥਾਨਾਂ ਤੇ ਬਿਖਰੇ ਰਹਿੰਦੇ ਹਨ ਅਤੇ ਕਬਾੜ ਚੁੱਕਣ ਵਾਲੇ ਵੀ ਇਨ੍ਹਾਂ ਨੂੰ ਨਹੀਂ ਚੁਕਦੇ ਹਨ, ਇਸ ਲਈ ਇਹ ਹੋਰ ਗੰਭੀਰ ਸੰਕਟ ਬਣ ਜਾਂਦਾ ਹੈ|ਪਲਾਸਟਿਕ ਸਮੱਸਿਆ ਨਾਲ ਨਜਿੱਠਣ ਵਿੱਚ ਸਰਕਾਰ ਦੀ ਪਹਿਲ ਦੀ ਕਈ ਮੈਂਬਰਾਂ ਨੇ ਸ਼ਲਾਘਾ ਕੀਤੀ ਪਰ ਇਹ ਵੀ ਕਿਹਾ ਕਿ ਵੱਡੇ ਪੱਧਰ ਤੇ ਸਿੰਗਲ ਯੂਜ਼ ਪਲਾਸਟਿਕ ਇਕੱਠੀ ਕਰਨ ਦਾ ਦਾਅਵਾ ਕਰ ਰਹੀ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਸ ਦੇ ਨਿਪਟਾਰੇ ਲਈ ਕੀ ਉਪਾਅ ਕੀਤੇ ਜਾ ਰਹੇ ਹਨ| ਜਾਵਡੇਕਰ ਨੇ ਕਿਹਾ ਕਿ ਕਿਸ ਤਰ੍ਹਾਂ ਦੇ ਪਲਾਸਟਿਕ ਦੀ ਵਰਤੋਂ ਬੰਦ ਹੈ, ਇਸ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬਦਲ ਨੂੰ ਲੈ ਕੇ ਵੀ ਸੋਧ ਚੱਲ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਜਲਦ ਹੀ ਉਹ ਦੇਸ਼ ਭਰ ਦੇ ਵਾਤਾਵਰਣ ਮੰਤਰੀਆਂ ਅਤੇ ਸਕੱਤਰਾਂ ਦੀ ਬੈਠਕ ਬੁਲਾ ਰਹੇ ਹਨ, ਜਿਸ ਵਿੱਚ ਪਲਾਸਟਿਕ ਕੂੜੇ ਦੇ ਨਿਪਟਾਰੇ ਅਤੇ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ ਬਾਰੇ ਵਿਆਪਕ ਪੱਧਰ ਤੇ ਚਰਚਾ ਹੋਵੇਗੀ| ਪਲਾਸਟਿਕ ਕੂੜੇ ਦਾ ਪ੍ਰਬੰਧਨ ਕਿਸ ਤਰ੍ਹਾਂ ਨਾਲ ਕੀਤਾ ਜਾਣਾ ਹੈ, ਇਸ ਬੈਠਕ ਦਾ ਮੁੱਖ ਬਿੰਦੂ ਹੋਵੇਗਾ| ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਲਾਸਟਿਕ ਪੂਰੀ ਦੁਨੀਆ ਲਈ ਸੰਕਟ ਬਣਿਆ ਹੋਇਆ ਹੈ, ਇਸ ਲਈ ਇਸ ਬਾਰੇ ਸਦਨ ਨੂੰ ਸੰਕਲਪ ਲੈਣਾ ਚਾਹੀਦਾ ਅਤੇ ਪੂਰੀ ਦੁਨੀਆ ਵਿੱਚ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਭਾਰਤ ਦੀ ਸੰਸਦ ਨੇ ਪਲਾਸਟਿਕ ਤੋਂ ਮੁਕਤੀ ਲਈ ਸੰਕਲਪ ਲਿਆ ਹੈ|






