April 23, 2026

ਸਮਰਾਲਾ ਵਿਖੇ ਵੱਖ-ਵੱਖ ਸੜਕ ਹਾਦਸਿਆਂ ‘ਚ 4 ਜ਼ਖ਼ਮੀ

ਸਮਰਾਲਾ – ਲੁਧਿਆਣਾ-ਚੰਡੀਗੜ੍ਹ ਰੋਡ ਆਈ.ਟੀ.ਆਈ. ਨੇੜੇ ਬੱਸ ਅਤੇ ਕਾਰ ਦੀ ਟੱਕਰ ਹੋਣ ਕਾਰਨ ਕਾਰ ਚਾਲਕ ਜ਼ਖਮੀ ਹੋ ਗਿਆ। ਜ਼ਖਮੀ ਕਾਰ ਚਾਲਕ ਦੀ ਪਹਿਚਾਣ ਜਗਦੇਵ ਸਿੰਘ ਵਾਸੀ ਚੌਂਕੀਮਾਨ ਵਜੋਂ ਹੋਈ। ਇਸ ਹਾਦਸੇ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਅਨੁਸਾਰ ਆਈ.ਟੀ.ਆਈ. ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਲੁਧਿਆਣਾ ਤੋਂ ਚੰਡੀਗੜ੍ਹ ਵੱਲ੍ਹ ਨੂੰ ਜਾ ਰਹੀ ਸੀ ਅਤੇ ਕਾਰ ਚਾਲਕ ਸਮਰਾਲਾ ਤੋਂ ਲੁਧਿਆਣਾ ਵੱਲ੍ਹ ਜਾ ਰਿਹਾ ਸੀ। ਇਸੇ ਦੌਰਾਨ ਆਈ.ਟੀ.ਆਈ. ਨੇੜੇ ਦੋਵੇਂ ਵਾਹਨਾਂ ਦੀ ਟੱਕਰ ਹੋ ਗਈ ਅਤੇ ਕਾਰ ਚਾਲਕ ਜਗਦੇਵ ਸਿੰਘ ਜ਼ਖਮੀ ਹੋ ਗਿਆ। ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ਼ ਲਈ ਲਿਜਾਇਆ ਗਿਆ। ਇਸੇ ਤਰ੍ਹਾਂ ਮਾਲਵਾ ਕਾਲਜ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਮੋਟਰਸਾਈਕਲ ਸਵਾਰ 2 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਦੀ ਪਹਿਚਾਣ ਜਗਜੀਤ ਸਿੰਘ ਵਾਸੀ ਸਮਰਾਲਾ ਅਤੇ ਜੈ ਕੁਮਾਰ ਮਰਵਾਹਾ ਵਜੋਂ ਹੋਈ ਹੈ। ਜਗਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਸੇ ਦੌਰਾਨ ਪਿੰਡ ਘਰਖਣਾ ਵਿਖੇ ਮੋਟਰਸਾਈਕਲ ਸਵਾਰ ਮਨਜੀਤ ਸਿੰਘ ਵਾਸੀ ਪਟਿਆਲਾ (23) ਆਪਣੇ ਰਿਸ਼ਤੇਦਾਰੀ ਵਿੱਚ ਪਿੰਡ ਘਰਖਣਾ ਆ ਰਿਹਾ ਸੀ ਕਿ ਇਸੇ ਦੌਰਾਨ ਉਸ ਦੇ ਮੋਟਰਸਾਈਕਲ ਅੱਗੇ ਅਵਾਰਾ ਕੁੱਤਾ ਆ ਗਿਆ, ਜਿਸ ਕਾਰਨ ਉਹ ਮੋਟਰਸਾਈਕਲ ਤੋਂ ਹੇਠਾਂ ਡਿਗ ਗਿਆ ਅਤੇ ਜ਼ਖਮੀ ਹੋ ਗਿਆ। ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਲਿਆਂਦਾ ਗਿਆ ਅਤੇ ਬਾਅਦ ਵਿੱਚ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।