April 22, 2026
#ਪ੍ਰਮੁੱਖ ਖ਼ਬਰਾਂ #ਭਾਰਤ

ਸੁਪਰੀਮ ਕੋਰਟ ਵਲੋਂ ਬੁੱਧਵਾਰ ਨੂੰ ਕੀਤੀ ਜਾਵੇਗੀ ਹੈਦਰਾਬਾਦ ਮਾਮਲੇ ਦੀ ਸੁਣਵਾਈ

ਨਵੀਂ ਦਿੱਲੀ – ਹੈਦਰਾਬਾਦ ਗੈਂਗਰੇਪ ਅਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਪੁਲੀਸ ਐਨਕਾਊਂਟਰ ਵਿੱਚ ਮਾਰੇ ਜਾਣ ਦਾ ਮਾਮਲਾ ਸੁਪੀਰਮ ਕੋਰਟ ਪੁੱਜ ਗਿਆ ਹੈ| ਇਸ ਘਟਨਾ ਦੀ ਨਿਰਪੱਖ ਜਾਂਚ ਲਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ| ਐਨਕਾਊਂਟਰ ਦੀ ਨਿਰਪੱਖ ਜਾਂਚ ਨੂੰ ਲੈ ਕੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ ਹੈ| ਕੋਰਟ ਨੇ ਕਿਹਾ ਕਿ ਇਸ ਮਾਮਲੇ ਤੇ ਬੁੱਧਵਾਰ ਨੂੰ ਸੁਣਵਾਈ ਕੀਤੀ ਜਾਵੇਗੀ| ਪਟੀਸ਼ਨਾਂ 3 ਵਕੀਲਾਂ- ਜੀ. ਐਸ. ਮਣੀ, ਮਨੋਹਰ ਲਾਲ ਸ਼ਰਮਾ ਅਤੇ ਪ੍ਰਦੀਪ ਕੁਮਾਰ ਯਾਦਵ ਵਲੋਂ ਮਾਮਲੇ ਦਾ ਵਿਸ਼ੇਸ਼ ਜ਼ਿਕਰ ਚੀਫ ਜਸਟਿਸ ਐਸ. ਏ. ਬੋਬੜੇ ਦੀ ਅਗਵਾਈ ਵਾਲੀ ਬੈਂਚ ਸਾਹਮਣੇ ਕੀਤਾ ਗਿਆ ਅਤੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਗਈ| ਜਸਟਿਸ ਬੋਬੜੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਤੇਲੰਗਾਨਾ ਹਾਈ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ| ਅਸੀਂ ਇਸ ਮਾਮਲੇ ਵਿੱਚ ਬੁੱਧਵਾਰ ਨੂੰ ਸੁਣਵਾਈ ਕਰਾਂਗੇ|ਵਕੀਲਾਂ ਨੇ ਮੰਗ ਕੀਤੀ ਹੈ ਕਿ ਪੁਲੀਸ ਟੀਮ ਦੇ ਮੁਖੀ ਸਮੇਤ ਐਨਕਾਊਂਟਰ ਵਿਚ ਸ਼ਾਮਲ ਸਾਰੇ ਪੁਲੀਸ ਕਰਮੀਆਂ ਵਿਰੁੱਧ ਐਫ. ਆਈ. ਆਰ. ਦਰਜ ਕਰ ਕੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ| ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਜਾਂਚ ਸੀ. ਬੀ. ਆਈ, ਵਿਸ਼ੇਸ਼ ਜਾਂਚ ਦਲ (ਐਸ. ਆਈ. ਟੀ.), ਅਪਰਾਧ ਜਾਂਚ ਵਿਭਾਗ ਜਾਂ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਤੋਂ ਕਰਵਾਈ ਜਾਵੇ, ਜੋ ਤੇਲੰਗਾਨਾ ਸ਼ਾਸਨ ਦੇ ਅਧੀਨ ਨਾ ਹੋਵੇ| ਪਟੀਸ਼ਨਕਰਤਾਵਾਂ ਨੇ ਇਸ ਬਾਰੇ ਵੀ ਜਾਂਚ ਦੀ ਮੰਗ ਕੀਤੀ ਹੈ ਕਿ ਐਨਕਾਊਂਟਰ ਮੌਕੇ ਸੁਪਰੀਮ ਕੋਰਟ ਦੇ 2014 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ|