ਸੰਸਦ ‘ਚ ਹਥਿਆਰ ਸੋਧ ਬਿੱਲ ਪਾਸ-ਸ਼ੌਂਕੀਆ ਹਵਾਈ ਫਾਇਰ ਕਰਨ ਵਾਲਿਆਂ ‘ਤੇ ਕੱਸੇਗਾ ਸ਼ਿਕੰਜਾ
ਨਾਗਰਿਕਤਾ ਸੋਧ ਬਿੱਲ ਪੱਖ ‘ਚ ਪਈਆਂ 293 ਵੋਟਾਂ ਨਾਲ ਹੋਇਆ ਪੇਸ਼-ਵਿਰੋਧੀ ਧਿਰਾਂ ਵੱਲੋਂ ਜ਼ੋਰਦਾਰ ਹੰਗਾਮਾ
ਨਵੀਂ ਦਿੱਲੀ – ਸੰਸਦ ‘ਚ ਅੱਜ ਹਥਿਆਰ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ ਵਿੱਚ ਅਪਰਾਧਾਂ ਨੂੰ ਪਰਿਭਾਸ਼ਿਤ ਕਰਨ ਦੇ ਨਾਲ-ਨਾਲ ਗੈਰ-ਕਾਨੂੰਨੀ ਹਥਿਆਰਾਂ ਦੇ ਨਿਰਮਾਣ, ਵਿਕਰੀ, ਬਰਾਮਦ, ਦਰਾਮਦ ਨਾਲ ਜੁੜੇ ਅਪਰਾਧ ‘ਚ ਸਜ਼ਾ ਵਿੱਚ ਵਾਧਾ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੈਰ-ਕਾਨੂੰਨੀ ਹਥਿਆਰਾਂ ਨੂੰ ਵੇਚਣ ਅਤੇ ਤਸਕਰੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਪਾਬੰਦੀਸ਼ੁਦਾ ਗੋਲਾ-ਬਾਰੂਦ ਰੱਖਣ ਵਾਲਿਆਂ ਨੂੰ 7 ਤੋਂ 14 ਸਾਲ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਤਿਉਹਾਰਾਂ, ਵਿਆਹ-ਸ਼ਾਦੀਆਂ ਦੇ ਮੌਕਿਆਂ ‘ਤੇ ਫਾਇਰਿੰਗ ਕਰਨ ਵਾਲਿਆਂ ਨੂੰ ਹੁਣ ਜੇਲ੍ਹ ਜਾਣਾ ਪਵੇਗਾ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਲੋਕ ਸਭਾ ‘ਚ ਨਾਗਰਿਕਤਾ ਸੋਧ ਬਿੱਲ ਪੇਸ਼ ਕੀਤਾ। ਉੱਥੇ ਹੀ ਲੋਕ ਸਭਾ ‘ਚ ਇਸ ਬਿੱਲ ਦੇ ਪੇਸ਼ ਹੋਣ ਦੇ ਪੱਖ ‘ਚ 293 ਵੋਟ ਪਏ, ਜਦੋਂ ਕਿ ਵਿਰੋਧ ‘ਚ 82 ਵੋਟ ਪਏ। ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਨਾਗਰਿਕਤਾ ਸੋਧ ਬਿੱਲ ਦੇ ਪੇਸ਼ ਹੋਣ ਬਾਅਦ ਹੰਗਾਮੇ ਦਰਮਿਆਨ ਅਮਿਤ ਸ਼ਾਹ ਨੇ ਕਿਹਾ ਕਿ ਇਹ ਨਾਗਰਿਕਤਾ ਬਿੱਲ ਕਿਸੇ ਹਾਲ ‘ਚ ਘੱਟ ਗਿਣਤੀ ਦੇ ਵਿਰੁੱਧ ਨਹੀਂ ਹੈ। ਇਸ ਬਿੱਲ ਦਾ ਵਿਰੋਧੀ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਬਿੱਲ ‘ਤੇ ਵਿਰੋਧੀ ਧਿਰ ਨੂੰ ਬੋਲਣ ਦਾ ਪੂਰਾ ਮੌਕਾ ਦੇਣਗੇ। ਅਮਿਤ ਸ਼ਾਹ ਨੇ ਕਿਹਾ ਕਿ ਉਹ ਬਿੱਲ ‘ਤੇ ਸਦਨ ‘ਚ ਹਰ ਸਵਾਲ ਦਾ ਜਵਾਬ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਹਿਸ ਕਰੋ, ਵਾਕਆਊਟ ਨਾ ਕਰਨਾ। ਸ਼ਾਹ ਨੇ ਕਿਹਾ ਕਿ ਬਿੱਲ ਪੇਸ਼ ਕਰਨਾ ਸਾਡਾ ਅਧਿਕਾਰ ਹੈ। ਸ਼ਾਹ ਨੇ ਕਿਹਾ ਕਿ ਇਸ ਬਿੱਲ ‘ਚ ਕਿਤੇ ਵੀ ਮੁਸਲਮਾਨ ਨਹੀਂ ਲਿਖਿਆ ਹੋਇਆ ਹੈ। ਸ਼ਾਹ ਨੇ ਕਿਹਾ,”ਮੈਂ ਪੂਰੇ ਦੇਸ਼ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਬਿੱਲ ਸੰਵਿਧਾਨ ਦੀ ਕਿਸੇ ਵੀ ਧਾਰਾ ਦੀ ਉਲੰਘਣਾ ਨਹੀਂ ਕਰਦਾ ਹੈ। ਸਾਰਿਆਂ ਨੇ ਧਾਰਾ 14 ਦਾ ਜ਼ਿਕਰ ਕੀਤਾ। ਇਹ ਧਾਰਾ ਕਾਨੂੰਨ ਬਣਾਉਣ ਤੋਂ ਰੋਕ ਨਹੀਂ ਸਕਦਾ। ਅਮਿਤ ਸ਼ਾਹ ਨੇ ਕਿਹਾ ਕਿ ਅਫਗਾਨਿਸਤਾਨ ਦਾ ਸੰਵਿਧਾਨ ਕਹਿੰਦਾ ਹੈ ਕਿ ਇੱਥੇ ਦਾ ਧਰਮ ਇਸਲਾਮ ਹੈ, ਸੰਵਿਧਾਨ ਅਨੁਸਾਰ ਪਾਕਿਸਤਾਨ ਰਾਜ ਦਾ ਧਰਮ ਵੀ ਇਸਲਾਮ ਹੈ। ਪਾਕਿਸਤਾਨ, ਬੰਗਲਾਦੇਸ਼ ‘ਚ ਮੁਸਲਮਾਨ ਦਾ ਅੱਤਿਆਚਾਰ ਹੋਵੇਗਾ? ਇਹ ਕਦੇ ਨਹੀਂ ਹੋਵੇਗਾ। ਤਿੰਨਾਂ ਦੇਸ਼ਾਂ ‘ਚ ਘੱਟ ਗਿਣਤੀਆਂ ਨੂੰ ਧਾਰਮਿਕ ਤੌਰ ‘ਤੇ ਪਰੇਸ਼ਾਨੀ ਹੁੰਦੀ ਹੈ। ਇਸੇ ਆਧਾਰ ‘ਤੇ ਇਹ ਬਿੱਲ ਲਿਆਂਦਾ ਗਿਆ ਹੈ ਅਤੇ 6 ਧਰਮਾਂ, ਹਿੰਦੂ, ਸਿੱਖ, ਈਸਾਈ, ਬੌਧ, ਜੈਨ ਅਤੇ ਪਾਰਸੀ ਨਾਗਰਿਕਾਂ ਨੂੰ ਨਾਗਰਿਤਾ ਦਾ ਪ੍ਰਬੰਧ ਕੀਤਾ ਗਿਆ ਹੈ।






