ਅਮਰੀਕਾ ਵੱਲੋਂ ਹਾਫਿਜ਼ ਸਈਦ ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ
ਅਮਰੀਕਾ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ ਕੀਤਾ ਹੈ| ਇਸ ਦੇ ਨਾਲ ਹੀ ਪਾਕਿਸਤਾਨ ਨੂੰ ਆਪਣੇ ਅੰਤਰਰਾਸ਼ਟਰੀ ਫਰਜ਼ਾਂ ਦੀ ਤਰਜ ਤੇ ਪੂਰਨ ਰੂਪ ਨਾਲ ਹਾਫਿਜ਼ ਤੇ ਮੁੱਕਦਮਾ ਚਲਾਉਣ ਅਤੇ ਤੇਜ਼ੀ ਨਾਲ ਸੁਣਵਾਈ ਕਰਨ ਦੀ ਅਪੀਲ ਕੀਤੀ| ਦੱਖਣ ਅਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਜੀ ਵੇਲਜ਼ ਨੇ ਟਵੀਟ ਕੀਤਾ,”ਅਸੀਂ ਹਾਫਿਜ਼ ਸਈਦ ਅਤੇ ਉਸ ਦੇ ਸਾਥੀਆਂ ਤੇ ਦੋਸ਼ ਤੈਅ ਕੀਤੇ ਜਾਣ ਦਾ ਸਵਾਗਤ ਕਰਦੇ ਹਾਂ|”ਉਹਨਾਂ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਅੱਤਵਾਦ ਦੇ ਵਿਤਪੋਸ਼ਣ ਨੂੰ ਬੰਦ ਕਰਨ ਅਤੇ 26/11 ਜਿਹੇ ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੇ ਅੰਤਰਰਾਸ਼ਟਰੀ ਫਰਜ਼ਾਂ ਦੇ ਮੁਤਾਬਕ ਪੂਰਨ ਰੂਪ ਨਾਲ ਮੁੱਕਦਮਾ ਚਲਾਏ ਅਤੇ ਤੇਜ਼ੀ ਨਾਲ ਸੁਣਵਾਈ ਕਰੇ| ਗੌਰਤਲਬ ਹੈ ਕਿ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸਈਦ ਅਤੇ ਉਸ ਦੇ ਤਿੰਨ ਕਰੀਬੀ ਸਾਥੀਆਂ ਦੇ ਵਿਰੁੱਧ ਅੱਤਵਾਦ ਦੇ ਵਿਤਪੋਸ਼ਣ ਦੇ ਦੋਸ਼ ਤੈਅ ਕੀਤੇ ਹਨ| ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਸਈਦ, ਹਾਫਿਜ਼ ਅਬਦੁੱਲ ਸਲਾਮ ਬਿਨ ਮੁਹੰਮਦ, ਮੁਹੰਮਦ ਅਸ਼ਰਫ ਅਤੇ ਜ਼ਫਰ ਇਕਬਾਲ ਤੇ ਉਹਨਾਂ ਦੀ ਮੌਜੂਦਗੀ ਵਿੱਚ ਦੋਸ਼ ਤੈਅ ਕੀਤੇ ਸਨ|






