April 24, 2026
#ਪੰਜਾਬ

ਵਿਦਿਆਰਥੀਆਂ ਨੂੰ ਭਾਰਤੀ ਪਣਡੁੱਬੀਆਂ ਬਾਰੇ ਦਿੱਤੀ ਜਾਣਕਾਰੀ

ਪਣਡੁੱਬੀਆਂ ਦੀ ਸ਼ੁਰੂਆਤ, ਕਾਰਜਪ੍ਰਣਾਲੀ ਅਤੇ ਸਮਰੱਥਾ ਉਤੇ ਹੋਈ ਗੋਸ਼ਟੀ

ਚੰਡੀਗੜ੍ਹ – ਮਿਲਟਰੀ ਲਿਟਰੇਚਰ ਫੈਸਟੀਵਲ ਦੇ ਤੀਜੇ ਤੇ ਆਖਰੀ ਦਿਨ ਰਨ ਸਾਈਲੈਂਟ, ਰਨ ਡੀਪ ਐਂਡ ਸਟ੍ਰਾਈਕ ਹਾਰਡ ਵਿਸ਼ੇ ਉਤੇ ਕਰਵਾਏ ਗੋਸ਼ਟੀ ਦੌਰਾਨ ਜਲ ਸੈਨਾ ਦੇ ਸੇਵਾ ਮੁਕਤ ਅਧਿਕਾਰੀਆਂ ਅਤੇ ਮਾਹਰਾਂ ਨੇ ਹਾਜ਼ਰੀਨ, ਖਾਸਕਰ ਕੇ ਵਿਦਿਆਰਥੀਆਂ ਨੂੰ ਪਣਡੁੱਬੀਆਂ ਸਬੰਧੀ ਵੱਖ ਵੱਖ ਪੱਖਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਐਡਮਿਰਲ ਸੁਨੀਲ ਲਾਂਬਾ ਨੇ ਮੌਡਰੇਟਰ ਦੀ ਭੂਮਿਕਾ ਨਿਭਾਈ।ਗੋਸ਼ਟੀ ਦੌਰਾਨ ਮੁੱਖ ਤੌਰ ਉਤੇ ਪਣਡੁੱਬੀਆਂ ਸਬੰਧੀ ਆਧੁਨਿਕ ਤਕਨੀਕ, ਪਣਡੁੱਬੀਆਂ ਦੇ ਵੱਖ ਵੱਖ ਮਾਡਲ, ਉਨ੍ਹਾਂ ਦੀ ਵਰਤੋਂ, ਫਾਇਦੇ ਅਤੇ ਪਣਡੁੱਬੀਆਂ ਬਣਾਏ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਪੈਨਲਿਸਟਸ ਨੇ ਵੱਖ ਵੱਖ ਪਣਡੁੱਬੀਆਂ ਦੀਆਂ ਸਮਰੱਥਾਵਾਂ, ਵੱਖ ਵੱਖ ਦੇਸ਼ਾਂ ਨਾਲ ਨੀਤੀਗਤ ਭਾਈਵਾਲੀ, ਸੌਦੇ ਅਤੇ ਪਣਡੁੱਬੀਆਂ ਖਰੀਦਣ ਸਬੰਧੀ ਕੰਪੀਟਿਟਿਵ ਬਿਡਿੰਗ ਸਿਸਟਮ ਬਾਰੇ ਵੀ ਗੱਲਬਾਤ ਕੀਤੀ।ਇਸ ਮੌਕੇ ਕੌਮੋਡੋਰ ਅਨਿਲ ਜੈਨ ਨੇ 15 ਮਿੰਟ ਦੀ ਡਿਜੀਵਲ ਪ੍ਰੀਜ਼ੈਨਟੇਸ਼ਨ ਨਾਲ ਵੱਖ ਵੱਖ ਪਣਡੁੱਬੀਆਂ ਦੇ ਆਕਾਰ, ਬਣਤਰ ਅਤੇ ਪਣਡੁੱਬੀਆਂ ਦੇ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਪਣਡੁੱਬੀਆਂ ਦੇ ਇਤਿਹਾਸਕ ਪੱਖ ‘ਤੇ ਉਤੇ ਚਾਨਣਾ ਪਾਉਂਦਿਆਂ ਭਾਰਤੀ ਜਲ ਸੈਨਾ ਵਿੱਚ ਪਣਡੁੱਬੀਆਂ ਸ਼ਾਮਲ ਕੀਤੇ ਜਾਣ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਖੁਫੀਆ ਅਪਰੇਸ਼ਨਾਂ ਸਬੰਧੀ ਪਣਡੁੱਬੀਆਂ ਦੀ ਭੂਮਿਕਾ ਉੇਤੇ ਚਾਨਣਾ ਪਾਇਆ। ਉਨ੍ਹਾਂ ਨੇ ਪਾਣੀਆਂ ਦੇ ਵਿੱਚ 24 ਘੰਟੇ ਨਜ਼ਰ ਰੱਖਣ ਸਬੰਧੀ ਤਕਨੀਕ ਦੀ ਭੂਮਿਕਾ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵੱਖ ਵੱਖ ਪਣਡੁੱਬੀਆਂ ਦੀ ਰੇਂਜ, ਰਫਤਾਰ ਤੇ ਸਮਰੱਥਾ ਬਾਰੇ ਜਾਣਕਾਰੀ ਦਿੰਦਿਆਂ ਇਸ ਖੇਤਰ ਵਿੱਚ ਦਰਪੇਸ਼ ਮੁਸ਼ਕਲਾਂ ਦੇ ਹੱਲ ਸਬੰਧੀ ਵੀ ਆਪਣੇ ਵਿਚਾਰ ਰੱਖੇ।ਵਾਈਸ ਐਡਮਿਰਲ ਏ.ਕੇ. ਸਿੰਘ ਨੇ ਪਰਮਾਣੂ ਹਥਿਆਰਾਂ ਨਾਲ ਲੈਸ ਪਣਡੁੱਬੀਆਂ ਸਬੰਧੀ ਮੂਲ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਪਣਡੁੱਬੀਆਂ ਸਬੰਧੀ ਜਟਿਲ ਲੋੜਾਂ ਅਤੇ ਇਨ੍ਹਾਂ ਸਬੰਧੀ ਵੱਖ ਵੱਖ ਤਕਨੀਕੀ ਪੱਖਾਂ ਬਾਰੇ ਵੀ ਗੱਲਬਾਤ ਕੀਤੀ।ਉਨ੍ਹਾਂ ਨੇ ਇਸ ਮੌਕੇ ਭਾਰਤ ਦੇ ਗੁਆਂਢੀ ਦੇਸ਼ਾਂ ਕੋਲ ਮੌਜੂਦ ਪਣਡੁੱਬੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਇਸ ਗੋਸ਼ਟੀ ਦੌਰਾਨ ਪ੍ਰੋਫੈਸਰ ਭਾਰਤ ਕਰਨਾਡ ਨੇ ਭਾਰਤ ਵੱਲੋਂ ਪਣਡੁੱਬੀਆਂ ਸਮੇਤ ਵੱਖ ਵੱਖ ਕਿਸਮ ਦੀ ਰੱਖਿਆ ਸਮੱਗਰੀ ਤਿਆਰ ਕੀਤੇ ਜਾਣ ਅਤੇ ਪਣਡੁੱਬੀਆਂ ਸਬੰਧੀ ਵਪਾਰਕ ਸੌਦਿਆਂ ਬਾਰੇ ਭਾਰਤ ਦੇ ਪੱਖਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਭਾਰਤ ਨੂੰ ਇਸ ਖੇਤਰ ਵਿੱਚ ਹੋਰਨਾਂ ਦੇਸ਼ਾਂ ਉਤੇ ਨਿਰਭਰਤਾ ਘਟਾ ਕੇ ਖ਼ੁਦਮੁਖਤਿਆਰ ਹੋਣਾ ਚਾਹੀਦਾ ਹੈ।