April 24, 2026
#ਭਾਰਤ

ਸਵਾਤੀ ਮਾਲੀਵਾਲ ਦੀ ਹਾਲਤ ਵਿਗੜੀ; ਹਸਪਤਾਲ ’ਚ ਦਾਖ਼ਲ

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਲਗਾਤਾਰ ਭੁੱਖ ਹੜਤਾਲ ਕਾਰਨ ਬੇਹੋਸ਼ ਹੋਣ ਮਗਰੋਂ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਗੁਲੂਕੋਜ਼ ਲਾ ਕੇ ਸਵਾਤੀ ਦੀ ਭੁੱਖ ਹੜਤਾਲ ਖ਼ਤਮ ਕਰਵਾ ਦਿੱਤੀ। ਬੀਤੀ ਸ਼ਾਮ ਹੀ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ ਸੀ ਪਰ ਸਵਾਤੀ ਡਾਕਟਰਾਂ ਦੀ ਹਸਪਤਾਲ ਦਾਖ਼ਲ ਹੋਣ ਦੀ ਸਲਾਹ ਰੱਦ ਕਰਕੇ ਭੁੱਖ ਹੜਤਾਲ ਜਾਰੀ ਰੱਖਣ ਲਈ ਬਜ਼ਿੱਦ ਸੀ। ਅੱਜ ਸਵੇਰੇ ਰਾਜਘਾਟ ਨੇ ਉਹ ਭੁੱਖ ਹੜਤਾਲ ਵਾਲੀ ਥਾਂ ‘ਤੇ ਬੇਹੋਸ਼ ਹੋ ਗਈ ਤਾਂ ਤੁਰੰਤ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਭਰਤੀ ਕਰਵਾਇਆ ਗਿਆ। ਕਮਿਸ਼ਨ ਦੇ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਭਰਤੀ ਕੀਤਾ ਗਿਆ ਕਿਉਂਕਿ ਉਹ ਬੇਹੋਸ਼ੀ ਦੀ ਹਾਲਤ ਵਿੱਚ ਸਨ। ਜਦੋਂ ਉਨ੍ਹਾਂ ਨੂੰ ਹੋਸ਼ ਆਇਆ ਤਾਂ ਸਵਾਤੀ ਨੇ ਡਾਕਟਰਾਂ ਨੂੰ ਨਾੜੀ ਰਾਹੀਂ ਤਰਲ ਪਦਾਰਥ ਸ਼ਰੀਰ ਵਿੱਚ ਪੁੱਜਦਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਫਿਰ ਵਿਸ਼ੇਸ਼ ਵਾਰਡ ਵਿੱਚ ਦਾਖ਼ਲ ਕਰਕੇ ਮਾਲੀਵਾਲ ਨੂੰ ਟੀਕੇ ਨਾਲ ਤਰਲ ਪਦਾਰਥ ਦਿੱਤਾ ਗਿਆ। ਹੁਣ ਮਾਲੀਵਾਲ ਦੀ ਹਾਲਤ ਸਥਿਰ ਦੱਸੀ ਜਾ ਰਹੀ ਸੀ। ਸਵਾਤੀ ਮਾਲੀਵਾਲ ਦੇ ਸਮਰਥਕਾਂ ਨੇ ਹਸਪਤਾਲ ਦੇ ਬਾਹਰ ਡੇਰਾ ਲਾਇਆ ਹੋਇਆ ਹੈ।