April 23, 2026
#ਖੇਡਾਂ

ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 296 ਦੌੜਾਂ ਨਾਲ ਹਰਾਇਆ

ਆਸਟਰੇਲੀਆ ਨੇ ਅੱਜ ਪਰਥ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਟੈਸਟ ਦੇ ਚੌਥੇ ਦਿਨ ਨਿਊਜ਼ੀਲੈਂਡ ਦੀ ਦੂਜੀ ਪਾਰੀ ਨੂੰ 171 ਦੌੜਾਂ ’ਤੇ ਢੇਰ ਕਰਕੇ 296 ਦੌੜਾਂ ਨਾਲ ਜਿੱਤ ਦਰਜ ਕੀਤੀ, ਜੋ ਉਸ ਦੀ ਇਸ ਟੀਮ ਖ਼ਿਲਾਫ਼ ਦੂਜੀ ਵੱਡੀ ਜਿੱਤ ਹੈ। ਪਹਿਲੀ ਪਾਰੀ ਵਿੱਚ 250 ਦੌੜਾਂ ਨਾਲ ਪੱਛੜਣ ਵਾਲੀ ਨਿਊਜ਼ੀਲੈਂਡ ਟੀਮ ਨੂੰ ਦਿਨ-ਰਾਤ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ ਜਿੱਤ ਲਈ 468 ਦੌੜਾਂ ਦਾ ਟੀਚਾ ਮਿਲਿਆ ਸੀ। ਚੌਥੇ ਦਿਨ ਵਿੱਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਦਾ ਰਿਕਾਰਡ ਵੈਸਟ ਇੰਡੀਜ਼ ਦੇ ਨਾਮ ਹੈ, ਜਿਸ ਨੇ ਸਾਲ 2003 ਵਿੱਚ ਸੇਂਟ ਜੋਨਸ ਵਿੱਚ ਸੱਤ ਵਿਕਟਾਂ ’ਤੇ 418 ਦੌੜਾਂ ਬਣਾ ਕੇ ਆਸਟਰੇਲੀਆ ਨੂੰ ਹਰਾਇਆ ਸੀ।ਆਸਟਰੇਲੀਆ ਨੇ ਲੰਚ ਤੋਂ ਪਹਿਲਾਂ ਹੀ ਸਲਾਮੀ ਬੱਲੇਬਾਜ਼ ਜੀਤ ਰਾਵਲ ਅਤੇ ਕਪਤਾਨ ਕੇਨ ਵਿਲੀਅਮਸਨ ਦੀਆਂ ਵਿਕਟਾਂ ਲੈ ਲਈਆਂ ਸਨ। ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਇਸ ਮਗਰੋਂ ਮੈਚ ਨੂੰ ਪੰਜਵੇਂ ਦਿਨ ਤੱਕ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਮਿਸ਼ੇਲ ਸਟਾਰਕ ਅਤੇ ਪੈਟ ਕਮਿਨਸ ਨੇ ਉਨ੍ਹਾਂ ਦੀ ਇੱਕ ਨਾ ਚੱਲਣ ਦਿੱਤੀ। ਨਿਊਜ਼ੀਲੈਂਡ ਨੇ ਆਖ਼ਰੀ ਪੰਜ ਵਿਕਟਾਂ 17 ਦੌੜਾਂ ਲੈਣ ਦੇ ਚੱਕਰ ’ਚ ਗੁਆ ਲਈਆਂ, ਜਿਸ ਨਾਲ ਟੀਮ 171 ਦੌੜਾਂ ’ਤੇ ਆਊਟ ਹੋ ਗਈ।