ਮੰਧਾਨਾ ਆਈਸੀਸੀ ਇੱਕ ਰੋਜ਼ਾ ਤੇ ਟੀ-20 ਟੀਮ ’ਚ
ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਸਾਲ ਦੀ ਇੱਕ ਰੋਜ਼ਾ ਅਤੇ ਟੀ-20 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਕ ਰੋਜ਼ਾ ਟੀਮ ਵਿੱਚ ਮੰਧਾਨਾ ਦੇ ਨਾਲ ਝੂਲਣ ਗੋਸਵਾਮੀ, ਪੂਨਮ ਯਾਦਵ ਅਤੇ ਸ਼ਿਖਾ ਪਾਂਡੇ ਨੂੰ ਵੀ ਥਾਂ ਮਿਲੀ ਹੈ, ਜਦਕਿ ਟੀ-20 ਟੀਮ ਵਿੱਚ ਉਸ ਦੇ ਨਾਲ ਹਰਫ਼ਨਮੌਲਾ ਦੀਪਤੀ ਸ਼ਰਮਾ ਹੈ। 23 ਸਾਲ ਦੀ ਮੰਧਾਨਾ ਨੇ 51 ਇੱਕ ਰੋਜ਼ਾ ਅਤੇ 66 ਟੀ-20 ਕੌਮਾਂਤਰੀ ਤੋਂ ਇਲਾਵਾ ਦੋ ਟੈਸਟ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।ਉਸ ਨੇ ਇੱਕ ਰੋਜ਼ਾ ਅਤੇ ਟੀ-20 ਵਿੱਚ 3476 ਦੌੜਾਂ ਬਣਾਈਆਂ ਹਨ। ਇਸ ਸਾਲ ਦੇ ਸ਼ੁਰੂ ਵਿੱਚ ਸ੍ਰੀਲੰਕਾ ਖ਼ਿਲਾਫ਼ ਰਿਕਾਰਡ 148 ਦੌੜਾਂ ਦੀ ਪਾਰੀ ਖੇਡਣ ਵਾਲੀ ਆਸਟਰੇਲੀਆ ਦੀ ਐਲਿਸਾ ਹੀਲੀ ਨੂੰ ਸਾਲ ਦੀ ਸਰਵੋਤਮ ਟੀ-20 ਕ੍ਰਿਕਟਰ ਚੁਣਿਆ ਗਿਆ। ਆਸਟਰੇਲੀਆ ਦੀ ਐਲਿਸ ਪੈਰੀ ਸਾਲ ਦੀ ਸਰਵੋਤਮ ਇੱਕ ਰੋਜ਼ਾ ਖਿਡਾਰਨ ਚੁਣੀ ਗਈ। ਇਸ ਹਰਫ਼ਨਮੌਲਾ ਖਿਡਾਰਨ ਦੇ ਨਾਮ 2019 ਵਿੱਚ 73.50 ਦੀ ਔਸਤ ਨਾਲ 441 ਦੌੜਾਂ ਬਣਾਉਣ ਤੋਂ ਇਲਾਵਾ 13.52 ਦੀ ਔਸਤ ਨਾਲ 21 ਵਿਕਟਾਂ ਵੀ ਹਨ। ਪੈਰੀ ਟੀ-20 ਕੌਮਾਂਤਰੀ ਵਿੱਚ ਇੱਕ ਹਜ਼ਾਰ ਦੌੜਾਂ ਅਤੇ 100 ਵਿਕਟਾਂ ਲੈਣ ਵਾਲੀ ਪਹਿਲੀ ਕ੍ਰਿਕਟਰ ਹੈ। ਪੈਰੀ ਨੂੰ ਇਸ ਦੇ ਨਾਲ ਹੀ ਤਿੰਨ ਵੰਨਗੀਆਂ ਨੂੰ ਮਿਲਾ ਕੇ ਦਿੱਤੇ ਜਾਣ ਵਾਲੇ ਰਸ਼ੇਲ ਹੇਹੋਈ-ਫਲਿੰਟ ਪੁਰਸਕਾਰ (ਸਾਲ ਦੀ ਸਰਵੋਤਮ ਕ੍ਰਿਕਟਰ) ਲਈ ਚੁਣਿਆ ਗਿਆ। ਤਿੰਨ ਸਾਲ ਵਿੱਚ ਦੂਜੀ ਵਾਰ ਇਸ ਪੁਰਸਕਾਰ ਲਈ ਚੁਣੀ ਗਈ ਪੈਰੀ ਨੇ ਕਿਹਾ, ‘‘ਇਹ ਸ਼ਾਨਦਾਰ ਸਨਮਾਨ ਹੈ ਅਤੇ ਮੈਂ ਥੋੜ੍ਹਾ ਹੈਰਾਨ ਹਾਂ, ਕਿਉਂਕਿ ਇਸ ਸਾਲ ਕਈ ਸ਼ਾਨਦਾਰ ਪ੍ਰਦਰਸ਼ਨ ਵੇਖਣ ਨੂੰ ਮਿਲੇ। ਸਾਲ ਨੂੰ ਇਸ ਤਰ੍ਹਾਂ ਵਿਦਾ ਕਰਨਾ ਨਿੱਜੀ ਤੌਰ ’ਤੇ ਬਹੁਤ ਵਧੀਆ ਹੈ।’’ ਆਸਟਰੇਲੀਆ ਦੀ ਹੀ ਮੈੱਗ ਲੈਨਿੰਗ ਨੂੰ ਇੱਕ ਰੋਜ਼ਾ ਅਤੇ ਟੀ-20 ਦੋਵਾਂ ਟੀਮਾਂ ਦਾ ਕਪਤਾਨ ਚੁਣਿਆ ਗਿਆ ਹੈ। ਲੈਨਿੰਗ ਨੇ ਕਿਹਾ, ‘‘ਕਈ ਸ਼ਾਨਦਾਰ ਖਿਡਾਰੀਆਂ ਵਾਲੀ ਆਈਸੀਸੀ ਦੀ ਸਾਲ ਦੀ ਇੱਕ ਰੋਜ਼ਾ ਟੀ-20 ਕਪਤਾਨ ਚੁਣਿਆ ਜਾਣਾ ਬਹੁਤ ਵੱਡਾ ਸਨਮਾਨ ਹੈ।






