April 24, 2026
#ਪੰਜਾਬ

ਪੰਜਾਬ ਸੀਟੂ ਵਲੋਂ ਕੀਤੀ ਮਜਦੂਰ ਰੈਲੀ ਵਿੱਚ ਸਰਕਾਰ ਦੀ ਨਿਜੀਕਰਨ ਨੀਤੀ ਦਾ ਵਿਰੋਧ

ਐਸ ਏ ਐਸ ਨਗਰ – ਦੁਸ਼ਹਿਰਾ ਗਰਾਉਂਡ ਵਿੱਚ ਪੰਜਾਬ ਸੀਟੂ ਦੇ ਸੱਦੇ ਉੱਤੇ ਮਜ਼ਦੂਰ ਰੈਲੀ ਕੀਤੀ ਗਈ, ਜਿਸ ਵਿੱਚ ਵੱਖ ਵੱਖ ਸੈਕਟਰਾਂ ਦੇ ਸਨਅਤੀ ਮਜ਼ਦੂਰਾਂ, ਭੱਠਾ ਮਜ਼ਦੂਰਾਂ, ਉਸਾਰੀ ਅਤੇ ਮਗਨਰੇਗਾ ਮਜ਼ਦੂਰਾਂ, ਆਂਗਨਵਾੜੀ, ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ, ਟਰਾਂਸਪੋਰਟ ਵਰਕਰਾਂ, ਮੈਡੀਕਲ ਕਾਮਿਆਂ, ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਲਾਲ ਝੰਡਿਆਂ ਨਾਲ ਹਿੱਸਾ ਲਿਆ| ਇਸ ਰੈਲੀ ਵਿੱਚ ਇੱਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਸੀਟੂ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੂੰ ਤੁਰੰਤ ਰਿਹਾ ਕੀਤਾ ਜਾਵੇ| ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਜਨਰਲ ਸਕੱਤਰ ਰਘੁਨਾਥ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀਆਂ ਲੋਕ ਮਾਰੂ, ਰਾਸ਼ਟਰ ਵਿਰੋਧੀ ਨੀਤੀਆਂ ਅਤੇ ਫਿਰਕੂ ਫਾਸੀਵਾਦ ਵਿਰੁੱਧ 8 ਜਨਵਰੀ ਨੂੰ ਹੜਤਾਲ ਕਰਕੇ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ| ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰੇਲਵੇ, ਡਿਫੈਂਸ, ਬਿਜਲੀ, ਪਾਣੀ, ਵਿੱਦਿਆ, ਟਰਾਂਸਪੋਰਟ, ਆਈ. ਸੀ. ਡੀ. ਐਸ., ਮਿੱਡ ਡੇ ਮੀਲ, ਆਸ਼ਾ, ਐਨ.ਐਚ.ਐਮ.ਸਮੇਤ ਸਮੁੱਚੇ ਜਨਤਕ ਖੇਤਰ ਦਾ ਨਿੱਜੀਕਰਣ ਬੰਦ ਕੀਤਾ ਜਾਵੇ| ਪ੍ਰਚੂਨ ਬਜ਼ਾਰ ਸਮੇਤ ਜਨਤਕ ਖੇਤਰਾਂ ਵਿੱਚ ਸਿੱਧੇ ਪੂੰਜੀ ਨਿਵੇਸ਼ ਉੱਤੇ ਰੋਕ ਲਗਾਈ ਜਾਵੇ, ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਸੋਧ ਕਰਕੇ 21 ਹਜ਼ਾਰ ਰੁਪਏ ਮਹੀਨਾ ਅਤੇ 700 ਰੁਪਏ ਦਿਹਾੜੀ ਕੀਤੀਆਂ ਜਾਣ, ਆਂਗਨਵਾੜੀ ਵਰਕਰਾਂ-ਹੈਲਪਰਾਂ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ, ਮਗਨਰੇਗਾ ਵਰਕਰਾਂ ਅਤੇ ਪੇਂਡੂ ਚੌਕੀਦਾਰਾਂ ਸਮੇਤ ਸਾਂਰੇ ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਸਮੇਤ ਸਾਰੇ ਕਿਰਤ ਕਾਨੂੰਨਾਂ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇ, ਪਨਬੱਸ, ਪੀ.ਆਰ.ਟੀ.ਸੀ. ਅਤੇ ਸੀ.ਟੀ.ਯੂ. ਸਮੇਤ ਸਾਰੇ ਸਰਕਾਰੀ, ਅਰਧ ਸਰਕਾਰੀ ਵਿਭਾਗਾਂ ਵਿੱਚ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਉਟ ਸੋਰਸਿੰਗ ਖਤਮ ਕੀਤੀ ਜਾਵੇ ਅਤੇ ਰੈਗੂਲਰ ਪੋਸਟਾਂ ਉੱਤੇ ਭਰਤੀ ਸਾਰੇ ਕਾਮੇ ਰੈਗੂਲਰ ਕੀਤੇ ਜਾਣੇ| ਰੈਲੀ ਵਿੱਚ ਮੰਗ ਕੀਤੀ ਗਈ ਕਿ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਤੁਰੰਤ ਵਾਪਿਸ ਲਈਆਂ ਜਾਣ, ਬਲਾਕ ਪੱਧਰ ਤੇ ਕਿਰਤ ਭਲਾਈ ਦਫਤਰ ਖੋਲੇ ਜਾਣ, ਸਨਅਤੀ ਅਦਾਰਿਆਂ ਵਿੱਚ ਕਿਰਤ ਵਿਭਾਗ ਵਲੋਂ ਛਾਪੇ ਮਾਰਨ ਤੇ ਪਾਬੰਦੀ ਲਗਾਉਣ ਵਾਲਾ ਨੋਟੀਫਿਕੇਸ਼ਨ ਵਾਪਿਸ ਲਿਆ ਜਾਵੇ ਅਤੇ ਦਿੱਲੀ ਪੈਟਰਨ ਤੇ ਪੀਣ ਵਾਲੇ ਪਾਣੀ ਦੇ ਬਿਲ ਮਾਫ ਅਤੇ ਬਿਜਲੀ ਦੇ ਬਿਲ ਅੱਧੇ ਕੀਤੇ ਜਾਣ| ਇਸ ਮੌਕੇ ਹੋਰਨਾਂ ਤੋਂ ਇਲਾਵਾ ਆਇਫਾ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ, ਪੰਜਾਬ ਸੀਟੂ ਦੇ ਉਪ ਪ੍ਰਧਾਨ ਚੰਦਰ ਸ਼ੇਖਰ, ਸਕੱਤਰ ਜਤਿੰਦਰਪਾਲ ਸਿੰਘ, ਵਿੱਤ ਸਕੱਤਰ ਸੁੱਚਾ ਸਿੰਘ ਅਜਨਾਲਾ, ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਜੀਤ ਕੌਰ, ਜਨਰਲ ਸਕੱਤਰ ਸੁਭਾਸ਼ ਰਾਣੀ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਤਰਸੇਮ ਜੋਧਾਂ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਕੇਵਲ ਸਿੰਘ ਹਜ਼ਾਰਾ, ਪ੍ਰਧਾਨ ਨਛੱਤਰ ਸਿੰਘ ਮਗਨਰੇਗਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਸ਼ੇਰ ਸਿੰਘ ਫਰਵਾਹੀ, ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟਰ ਵਰਕਰਜ ਯੂਨੀਅਨ ਦੇ ਸੂਬਾਈ ਆਗੂ ਕੰਵਲ ਕੁਮਾਰ, ਪੀ.ਆਰ.ਟੀ.ਸੀ. ਮੋਟਰ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤਰਸੇਮ ਸਿੰਘ ਅਤੇ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਦੇ ਪ੍ਰਧਾਨ ਪਰਮਜੀਤ ਨੀਲੋਂ, ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਸਰੋਜ ਬਾਲਾ, ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੇ ਆਗੂ ਹਰਪਾਲ ਕੌਰ ਅਤੇ ਜਸਮੇਲ ਕੌਰ ਅਤੇ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਦੇ ਪ੍ਰਧਾਨ ਰਵਿੰਦਰ ਲੂਥਰਾ, ਆਗੂ ਦਲਜੀਤ ਕੁਮਾਰ ਗੋਰਾ, ਮਹਿੰਦਰ ਕੁਮਾਰ ਬੱਢੋਆਣ, ਸੁਖਵਿੰਦਰ ਸਿੰਘ ਲੋਟੇ, ਜੋਗਿੰਦਰ ਸਿੰਘ ਔਲਖ, ਕੁਲਵਿੰਦਰ ਸਿੰਘ ਉਡਤ, ਗੁਰਦੇਵ ਸਿੰਘ ਬਾਗੀ, ਨਰਿੰਦਰਪਾਲ ਚਮਿਆਰੀ ਅਤੇ ਮਨਜੀਤ ਕੌਰ ਨੇ ਵੀ ਸੰਬੋਧਨ ਕੀਤਾ|