2+2 ਗੱਲਬਾਤ ਲਈ ਅਮਰੀਕਾ ਚ ਰਾਜਨਾਥ, ਨੇਵੀ ਹਵਾਈ ਅੱਡੇ ਦਾ ਕੀਤਾ ਦੌਰਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਰਜੀਨੀਆ ਵਿਚ ਨਾਰਫਾਕ ਸਥਿਤ ਨੇਵੀ ਦੇ ਹਵਾਈ ਅੱਡੇ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਬੋਇੰਗ ਲੜਾਕੂ ਜਹਾਜ਼ਾਂ ਦਾ ਪ੍ਰਦਰਸ਼ਨ ਵੀ ਦੇਖਿਆ ਤੇ ਦੋਵਾਂ ਪੱਖਾਂ ਨੇ ਮਜ਼ਬੂਤ ਰੱਖਿਆ ਸਬੰਧ ਵੀ ਜ਼ਾਹਿਰ ਕੀਤੇ। ਰੱਖਿਆ ਮੰਤਰੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਬੁੱਧਵਾਰ ਨੂੰ ਹੋਣ ਵਾਲੀ ਦੂਜੀ ‘2+2’ ਗੱਲਬਾਤ ਦੇ ਲਈ ਅਮਰੀਕਾ ਆਏ ਹਨ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਉਹਨਾਂ ਦਾ ਸਵਾਗਤ ਕੀਤਾ।ਸਿੰਘ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਅਮਰੀਕਾ ਦੇ ਨਾਰਫਾਕ ਵਿਚ ਨੇਵੀ ਹਵਾਈ ਅੱਡਾ ਓਸ਼ੀਆਨਾ ਦਾ ਦੌਰਾ ਕੀਤਾ ਤੇ ਆਧੁਨਿਕ ਜਹਾਜ਼ ਕੈਰੀਅਰ ਪ੍ਰਦਰਸ਼ਨੀ ਤੇ ਲੜਾਕੂ ਤੇ ਹਮਲਾਵਰ ਜਹਾਜ਼ 18ਈ ਦਾ ਪ੍ਰਦਰਸ਼ਨ ਦੇਖਿਆ। ਉਹਨਾਂ ਨੇ ਇਕ ਹੋਰ ਟਵੀਟ ਵਿਚ ਲਿਖਿਆ ਕਿ ਨਾਰਫਾਕ ਦੇ ਨੇਵੀ ਅੱਡੇ ‘ਤੇ ਮੈਨੂੰ ਨਿਮਿਟਜ਼ ਸ਼੍ਰੈਣੀ ਦੇ ਯੂ.ਐਸ.ਐਸ. ਡਵਾਈਟ ਡੀ. ਆਈਜ਼ਨਹਾਵਰ ਜਹਾਜ਼ ਕੈਰੀਅਰ ਵਿਚ ਸਵਾਰ ਹੋਣ ਦਾ ਮੌਕਾ ਮਿਲਿਆ। ਅਸੀਂ ਭਾਰਤ ਤੇ ਅਮਰੀਕਾ ਦੇ ਵਿਚਾਲੇ ਮਜ਼ਬੂਤ ਰੱਖਿਆ ਸਬੰਧ ਜ਼ਾਹਿਰ ਕੀਤੇ।






