April 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਮੇਰੇ ਪੁਤਲੇ ਭਾਵੇਂ ਸਾੜੋ ਪਰ ਦੇਸ਼ ਦੀ ਸੰਪਤੀ ਤੇ ਗ਼ਰੀਬ ਦਾ ਘਰ ਨਾ ਸਾੜੋ : ਮੋਦੀ

ਦੇਸ਼ ਭਰ ‘ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚਾਲੇ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਵਿਖੇ ਰੈਲੀ

ਨਵੀਂ ਦਿੱਲੀ – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਗਕਿਰਤਾ ਸੋਧ ਕਾਨੂੰਨ (ਸੀ.ਏ.ਏ.) ਉੱਤੇ ਜਿੰਨਾ ਮਰਜ਼ੀ ਗੁੱਸਾ ਕੱਢੋ, ਮੋਦੀ ਦੇ ਪੁਤਲੇ ਸਾੜੋ ਪਰ ਦੇਸ਼ ਦੀ ਸੰਪਤੀ ਨਾ ਸਾੜੋ। ਉਨ੍ਹਾਂ ਕਿਹਾ ਕਿ ਗ਼ਰੀਬ ਦੀ ਝੁੱਗੀ ਨਾ ਸਾੜੋ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੁਲਿਸ ਦੇ 33,000 ਜਵਾਨਾਂ ਨੇ ਸ਼ਾਂਤੀ ਤੇ ਸੁਰੱਖਿਆ ਲਈ ਸ਼ਹਾਦਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਚੁਣੇ ਹੋਏ ਸੰਸਦ ਮੈਂਬਰਾਂ ਦਾ ਆਦਰ ਕਰੋ। ਦੇਸ਼ ਦੇ ਦੋਵੇਂ ਸਦਨਾਂ ਨੇ ਨਾਗਰਿਕਤਾ ਕਾਨੂੰਨ ਨੂੰ ਪਾਸ ਕੀਤਾ ਹੈ। ਤੁਹਾਡੇ ਨਾਲ ਮੈਂ ਵੀ ਦੋਵੇਂ ਸਦਨਾਂ ਨੂੰ ਪ੍ਰਣਾਮ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕੁਝ ਸਿਆਸੀ ਪਾਰਟੀਆਂ ਅਜਿਹੀਆਂ ਅਫ਼ਵਾਹਾਂ ਫੈਲਾ ਰਹੀਆਂ ਹਨ ਕਿ ਲੋਕ ਭਰਮਾਂ ‘ਚ ਪੈ ਰਹੇ ਹਨ। ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ‘ਮੈਂ ਉਨ੍ਹਾਂ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਜਦੋਂ ਦਿੱਲੀ ਦੀਆਂ ਕਾਲੋਨੀਆਂ ਰੈਗੂਲਰ ਕੀਤੀਆਂ ਗਈਆਂ ਸਨ, ਤਾਂ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਕਿਹੜੀ ਪਾਰਟੀ ਨਾਲ ਜੁੜੇ ਹੋਏ ਹੋ, ਕਿਹੜੀ ਪਾਰਟੀ ਦੇ ਸਮਰਥਕ ਹੋ?’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦੇ ਲਾਭ ਮੁਸਲਿਮ, ਹਿੰਦੂ, ਸਿੱਖ, ਈਸਾਈ ਸਭ ਨੂੰ ਮਿਲਿਆ। ਇੱਕੋ ਹੀ ਸੈਸ਼ਨ ਵਿੱਚ ਦੋਵੇਂ ਬਿਲ ਪਾਸ ਹੋਏ ਹਨ; ਜਿਸ ਵਿੱਚ ਮੈਂ ਅਧਿਕਾਰ ਦੇ ਰਿਹਾ ਹਾਂ ਤੇ ਉਹ ਝੂਠ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਸਰਕਾਰ ਚਲਾ ਰਹੇ ਸਨ, ਉਨ੍ਹਾਂ ਨੇ ਬੰਗਲਿਆਂ ‘ਚ ਰਹਿਣ ਵਾਲਿਆਂ ਨੂੰ ਤਾਂ ਪੂਰੀ ਛੋਟ ਦਿੱਤੀ ਪਰ ਤੁਹਾਡੇ ਘਰਾਂ ਨੂੰ ਰੈਗੂਲੇਟ ਕਰਨ ਲਈ ਕੁਝ ਵੀ ਨਹੀਂ ਕੀਤਾ। ਜਦੋਂ ਮੈਂ ਕਰ ਰਿਹਾ ਸਾਂ, ਤਾਂ ਰੋੜੇ ਅਟਕਾਉਣ ਦਾ ਕੋਈ ਮੌਕਾ ਵੀ ਨਹੀਂ ਛੱਡਿਆ। ਸ਼੍ਰੀ ਮੋਦੀ ਨੇ ਰਾਮਲੀਲਾ ਮੈਦਾਨ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਗਏ। ਇਹ ਰੈਲੀ ਅਜਿਹੇ ਵੇਲੇ ਹੋਈ ਹੈ, ਜਦੋਂ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੀਨੀਅਰ ਭਾਜਪਾ ਆਗੂ ਵਿਜੇ ਗੋਇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਰੈਲੀ 1,731 ਨਾਜਾਇਜ਼ ਕਾਲੋਨੀਆਂ ਨੂੰ ਉਨ੍ਹਾਂ ਦਾ ਮਾਲਿਕਾਨਾ ਹੱਕ ਦਿੱਤੇ ਜਾਣ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਦੇਣ ਲਈ ਆਯੋਜਿਤ ਕੀਤੀ ਗਈ ਹੈ।