ਪਾਕਿਸਤਾਨ ਨੇ ਸ੍ਰੀਲੰਕਾ ਤੋਂ ਟੈਸਟ ਲੜੀ ਜਿੱਤੀ
ਪਾਕਿਸਤਾਨ ਨੇ ਦਸ ਸਾਲਾਂ ਮਗਰੋਂ ਘਰੇਲੂ ਧਰਤੀ ’ਤੇ ਟੈਸਟ ਕ੍ਰਿਕਟ ਵਿੱਚ ਵਾਪਸੀ ਦਾ ਜਸ਼ਨ ਮਨਾਉਂਦਿਆਂ ਦੂਜੇ ਟੈਸਟ ’ਚ ਸ੍ਰੀਲੰਕਾ ਨੂੰ 263 ਦੌੜਾਂ ਨਾਲ ਹਰਾ ਕੇ ਲੜੀ 1-0 ਨਾਲ ਜਿੱਤ ਲਈ। ਖ਼ਰਾਬ ਮੌਸਮ ਕਾਰਨ ਪਹਿਲਾ ਮੈਚ ਬਿਨਾਂ ਕਿਸੇ ਨਤੀਜੇ ਦੇ ਡਰਾਅ ਰਿਹਾ ਸੀ। ਪਾਕਿਸਤਾਨ ਨੂੰ ਦੂਜੇ ਤੇ ਫ਼ੈਸਲਾਕੁਨ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਸ੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ ਲੈ ਕੇ ਮੈਚ ਜਿੱਤਣ ਵਿੱਚ 14 ਮਿੰਟ ਦਾ ਸਮਾਂ ਅਤੇ 16 ਗੇਂਦਾਂ ਲੱਗੀਆਂ। ਸ੍ਰੀਲੰਕਾ ਟੀਮ ਦੀ ਦੂਜੀ ਪਾਰੀ 212 ਦੌੜਾਂ ’ਤੇ ਆਊਟ ਹੋ ਗਈ। ਪਾਕਿਸਤਾਨ ਨੇ ਐਤਵਾਰ ਨੂੰ ਸ੍ਰੀਲੰਕਾ ਸਾਹਮਣੇ ਜਿੱਤ ਲਈ 476 ਦੌੜਾਂ ਦਾ ਟੀਚਾ ਰੱਖਿਆ ਸੀ। ਸਵੇਰੇ ਉਸ ਨੇ ਸੱਤ ਵਿਕਟਾਂ ’ਤੇ 212 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਨਸੀਮ ਸ਼ਾਹ ਨੇ ਪੰਜ ਵਿਕਟਾਂ ਲਈਆਂ, ਜੋ ਕਿ 16 ਸਾਲ 307 ਦਿਨਾਂ ਦੀ ਉਮਰ ਵਿੱਚ ਇਹ ਕਾਰਨਾਮਾ ਕਰਨ ਵਾਲਾ ਦੂਜਾ ਸਭ ਤੋਂ ਛੋਟਾ ਗੇਂਦਬਾਜ਼ ਬਣ ਗਿਆ। ਪਾਕਿਸਤਾਨ ਦਾ ਸਾਬਕਾ ਸਪਿੰਨਰ ਨਸੀਮ-ਉਲ-ਗਨੀ ਟੈਸਟ ਕ੍ਰਿਕਟ ਵਿੱਚ ਪੰਜ ਵਿਕਟਾਂ ਲੈਣ ਵਾਲਾ ਸਭ ਤੋਂ ਛੋਟੀ ਉਮਰ ਦਾ ਗੇਂਦਬਾਜ਼ ਹੈ। ਉਸਨੇ ਵੈਸਟ ਇੰਡੀਜ਼ ਖ਼ਿਲਾਫ਼ ਜਾਰਜਟਾਊਨ ਵਿੱਚ 16 ਸਾਲ 303 ਦਿਨ ਦੀ ਉਮਰ ਵਿੱਚ ਇਹ ਕਮਾਲ ਕੀਤਾ ਸੀ। ਨਸੀਮ ਉਸ ਸਮੇਂ ਸਿਰਫ਼ ਛੇ ਸਾਲ ਦਾ ਸੀ, ਜਦੋਂ ਲਾਹੌਰ ਵਿੱਚ ਸ੍ਰੀਲੰਕਾ ਟੀਮ ਦੀ ਬੱਸ ’ਤੇ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਵਿੱਚ ਕੌਮਾਂਤਰੀ ਕ੍ਰਿਕਟ ਬੰਦ ਹੋ ਗਈ ਸੀ।






