April 24, 2026
#ਦੇਸ਼ ਦੁਨੀਆਂ

ਪਾਕਿ ਸਰਕਾਰ ਵੱਲੋਂ ਮਰਿਅਮ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਨਹੀਂ

ਪਾਕਿਸਤਾਨ ਸਰਕਾਰ ਨੇ ਪੀ.ਐੱਮ.ਐੱਲ.-ਐੱਨ. ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਵਿਚ ਸੋਮਵਾਰ ਨੂੰ ਆਈ ਇਕ ਖਬਰ ਦੇ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਆਰਥਿਕ ਅਪਰਾਧ ਅਤੇ ਸੰਸਥਾਗਤ ਧੋਖਾਧੜੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ 46 ਸਾਲਾ ਮਰਿਅਮ ਦਾ ਨਾਮ ਕਥਿਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਆਉਣ ਦੇ ਬਾਅਦ ਅਗਸਤ 2018 ਵਿਚ ‘ਨੋ ਫਲਾਈ ਲਿਸਟ’ ਵਿਚ ਪਾ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਦੇ ਸਲਾਹਕਾਰ ਅਤੇ ਸੀਨੀਅਰ ਵਕੀਲ ਬਾਬਰ ਅਵਾਨ ਦੇ ਹਵਾਲੇ ਨਾਲ ਕਿਹਾ,”ਐਗਜ਼ਿਟ ਕੰਟਰੋਲ ਲਿਸਟ ਵਿਚ ਲੋਕਾਂ ਦੇ ਨਾਮ ਸ਼ਾਮਲ ਕਰਨ ਸਬੰਧੀ ਨਿਯਮ ਕਾਰਨ ਸਰਕਾਰ ਨੋ ਫਲਾਈ ਲਿਸਟ ਵਿਚੋਂ ਉਸ ਦਾ ਨਾਮ ਹਟਾਉਣ ਦੀ ਐਪਲੀਕੇਸ਼ਨ ‘ਤੇ ਵਿਚਾਰ ਨਹੀਂ ਕਰ ਸਕਦੀ।” ਕਾਨੂੰਨ ਮੰਤਰੀ ਫਾਰੋਗ ਨਸੀਮ ਦੀ ਪ੍ਰਧਾਨਗੀ ਵਿਚ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐੱਲ.) ਦੇ ਮਾਮਲਿਆਂ ਨੂੰ ਦੇਖਣ ਵਾਲੀ ਫੈਡਰਲ ਕੈਬਨਿਟ ਦੀ ਉਪ ਕਮੇਟੀ ਨੇ ਮਰਿਅਮ ਦੀ ਐਪਲੀਕੇਸ਼ਨ ਖਾਰਿਜ ਕਰ ਦਿੱਤੀ।