ਬਾਲ ਠਾਕਰੇ ਯਾਦਗਾਰੀ ਸਮਾਰਕ ਲਈ ਇਕ ਵੀ ਦਰੱਖਤ ਨਹੀਂ ਕੱਟਾਂਗੇ: ਊਧਵ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਭਰੋਸਾ ਦਿਵਾਇਆ ਹੈ ਕਿ ਸ਼ਿਵ ਸੈਨਾ ਸੰਸਥਾਪਕ ਬਾਲ ਠਾਕਰੇ ਦੇ ਸਮਾਰਕ ਲਈ ਚੁਣੀ ਗਈ ਥਾਂ ’ਤੇ ਇਕ ਵੀ ਦਰੱਖਤ ਨਹੀਂ ਕੱਟਿਆ ਜਾਵੇਗਾ। ਮੀਡੀਆ ਨਾਲ ਗੱਲਬਾਤ ਕਰਦਿਆਂ ਠਾਕਰੇ ਨੇ ਕਿਹਾ ਕਿ ਕੱਟਣ ਦੀ ਬਜਾਏ ਦੇਸੀ ਬੂਟੇ ਪ੍ਰਿਯਦਰਸ਼ਨੀ ਬਾਗ਼ ਵਿਚ ਲਾਏ ਜਾਣਗੇ। ਇਹ ਯਾਦਗਾਰੀ ਸਮਾਰਕ ਕੇਂਦਰੀ ਮਹਾਰਾਸ਼ਟਰ ਵਿਚ ਬਣਾਇਆ ਜਾਣਾ ਹੈ। ਠਾਕਰੇ ਨੇ ਬਾਗ਼ ਦਾ ਦੌਰਾ ਕੀਤਾ ਤੇ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਇਸ ਥਾਂ ’ਤੇ ਹੋਰ ਬੂਟੇ ਲਾਏ ਜਾਣਗੇ। ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਨੇ ਦਾਅਵਾ ਕੀਤਾ ਸੀ ਕਿ ਇਸ ਥਾਂ ’ਤੇ ਜਗ੍ਹਾ ਪੱਧਰੀ ਕਰਨ ਲਈ ਕਰੀਬ 1,000 ਦਰੱਖਤ ਕੱਟੇ ਜਾ ਰਹੇ ਹਨ। ਵਿਵਾਦ ਪੈਦਾ ਹੋਣ ਮਗਰੋਂ ਸ਼ਿਵ ਸੈਨਾ ਮੁਖੀ ਨੇ ਔਰੰਗਾਬਾਦ ਮਿਉਂਸਿਪਲ ਕਾਰਪੋਰੇਸ਼ਨ ਨੂੰ ਕਿਹਾ ਸੀ ਕਿ ਉਹ ਸਵਰਗੀ ਪਿਤਾ ਦੀ ਯਾਦਗਾਰ ਲਈ ਕਿਸੇ ਵੀ ਦਰੱਖਤ ਨੂੰ ਨਾ ਕੱਟੇ। ਔਰੰਗਾਬਾਦ ਕਾਰਪੋਰੇਸ਼ਨ ’ਤੇ ਸ਼ਿਵ ਸੈਨਾ ਹੀ ਕਾਬਜ਼ ਹੈ।






