ਅਫਗਾਨਿਸਤਾਨ ਵਿੱਚ ਭਾਰੀ ਮੀਂਹ ਤੇ ਬਰਫਬਾਰੀ ਦਾ ਕਹਿਰ, 24 ਘੰਟਿਆਂ ਵਿੱਚ 19 ਵਿਅਕਤੀਆਂ ਦੀ ਮੌਤ
ਕਾਬੁਲ – ਅਫਗਾਨਿਸਤਾਨ ਵਿੱਚ ਭਾਰੀ ਮੀਂਹ ਤੇ ਬਰਫਬਾਰੀ ਕਾਰਨ ਪਿਛਲੇ 24 ਘੰਟਿਆਂ ਦੌਰਾਨ 19 ਵਿਅਕਤੀਆਂ ਦੀ ਮੌਤ ਹੋ ਗਈ| ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 21 ਸੂਬਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਹੁਣ ਤਕ 21 ਵਿਅਕਤੀ ਜ਼ਖਮੀ ਹੋ ਗਏ ਹਨ ਤੇ 19 ਵਿਅਕਤੀ ਮਾਰੇ ਗਏ|ਕੰਧਾਰ ਸੂਬੇ ਵਿੱਚ ਕਈ ਘਰਾਂ ਦੀਆਂ ਛੱਤਾਂ ਢਹਿ ਜਾਣ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 4 ਔਰਤਾਂ ਤੇ 3 ਬੱਚੇ ਸ਼ਾਮਲ ਹਨ| ਇਸ ਤੋਂ ਇਲਾਵਾ ਹੋਰ 13 ਵਿਅਕਤੀਆਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਸ ਸਬੰਧੀ ਸਥਾਨਕ ਸਰਕਾਰ ਨੇ ਐਮਰਜੈਂਸੀ ਮੀਟਿੰਗ ਸੱਦੀ ਹੈ| ਇਸ ਤੋਂ ਇਲਾਵਾ ਹੈਲਮੰਡ ਸੂਬੇ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹਨ| ਹੈਰੇਤ ਸੂਬੇ ਵਿੱਚ ਵੀ ਕਈ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ 8 ਵਿਅਕਤੀ ਮਾਰੇ ਗਏ| ਅਧਿਕਾਰੀਆਂ ਮੁਤਾਬਕ ਸਾਰੀਆਂ ਸੜਕਾਂ ਅਤੇ ਹਾਈਵੇਅ ਬੰਦ ਹਨ| ਹੈਰੇਤ ਪੁਲੀਸ ਨੇ ਲੋਕਾਂ ਨੂੰ ਅਲਰਟ ਕਰਦਿਆਂ ਕਿਹਾ ਕਿ ਜੇਕਰ ਜ਼ਰੂਰੀ ਨਾ ਹੋਵੇ ਤਾਂ ਲੋਕ ਘਰਾਂ ਵਿੱਚ ਹੀ ਰਹਿਣ ਕਿਉਂਕਿ ਉਹ ਹਾਈਵੇਅ ਤੇ ਫਸ ਸਕਦੇ ਹਨ|






