May 5, 2026
#ਖੇਡਾਂ

ਭਾਰਤ ਤੇ ਆਸਟਰੇਲੀਆ ਵਿਚਾਲੇ ਫ਼ੈਸਲਾਕੁਨ ਮੈਚ ਅੱਜ

ਵਿਸ਼ਵ ਦੀਆਂ ਦੋ ਮਜ਼ਬੂਤ ਟੀਮਾਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਐਤਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਅਤੇ ਫ਼ੈਸਲਾਕੁਨ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਇਹ ਦੋਵੇਂ ਟੀਮਾਂ ਲੜੀ ਜਿੱਤ ਕੇ ਇੱਕ-ਦੂਜੇ ’ਤੇ ਬਾਦਸ਼ਾਹਤ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੀਆਂ। ਇਸ ਲੜੀ ਦੇ ਸ਼ੁਰੂ ਤੋਂ ਹੀ ਰੋਮਾਂਚਕ ਹੋਣ ਦੀ ਸੰਭਾਵਨਾ ਸੀ, ਪਰ ਜਿਸ ਤਰ੍ਹਾਂ ਆਸਟਰੇਲੀਆ ਨੇ ਪਹਿਲੇ ਮੈਚ ਵਿੱਚ ਇਕਪਾਸੜ ਜਿੱਤ ਦਰਜ ਕੀਤੀ, ਉਸ ਤੋਂ ਲੱਗ ਰਿਹਾ ਸੀ ਕਿ ਉਹ ਭਾਰਤ ਵਿੱਚ ਲਗਾਤਾਰ ਦੂਜੀ ਲੜੀ ਜਿੱਤਣ ਵਿੱਚ ਕਾਮਯਾਬ ਰਹੇਗਾ।ਭਾਰਤ ਨੇ ਹਾਲਾਂਕਿ ਰਾਜਕੋਟ ਵਿੱਚ ਹਰ ਵਿਭਾਗ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਕੇ ਸ਼ਾਨਦਾਰ ਵਾਪਸੀ ਕੀਤੀ। ਸਭ ਤੋਂ ਅਹਿਮ ਗੱਲ ਇਹ ਸੀ ਕਿ ਭਾਰਤ ਦੂਜੇ ਇੱਕ ਰੋਜ਼ਾ ਵਿੱਚ ਆਪਣੇ ਬੱਲੇਬਾਜ਼ੀ ਤਾਲਮੇਲ ਨੂੰ ਦਰੁਸਤ ਕਰਨ ਵਿੱਚ ਕਾਮਯਾਬ ਰਿਹਾ ਅਤੇ ਕੇਐੱਲ ਰਾਹੁਲ ਨੇ ਵੀ ਪੰਜਵੇਂ ਨੰਬਰ ’ਤੇ ਮਿਲੇ ਮੌਕੇ ਦਾ ਪੂਰਾ ਲਾਹਾ ਲਿਆ। ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਪਾਰੀ ਦਾ ਆਗਾਜ਼ ਕੀਤਾ, ਜਦਕਿ ਕਪਤਾਨ ਵਿਰਾਟ ਕੋਹਲੀ ਆਪਣੇ ਪਸੰਦੀਦਾ ਤੀਜੇ ਨੰਬਰ ’ਤੇ ਉਤਰਿਆ ਅਤੇ ਸ਼੍ਰੇਅਸ ਅਈਅਰ ਚੌਥੇ ਨੰਬਰ ’ਤੇ ਆਇਆ। ਐਤਵਾਰ ਨੂੰ ਵੀ ਇਹੀ ਬੱਲੇਬਾਜ਼ੀ ਕ੍ਰਮ ਬਰਕਰਾਰ ਰਹਿਣ ਦੀ ਸੰਭਾਵਨਾ ਹੈ।ਰੋਹਿਤ ਦੂਜੇ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ, ਪਰ ਇਸ ਸਟਾਰ ਸਲਾਮੀ ਬੱਲੇਬਾਜ਼ ਦੀ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਣ ਵਾਲੇ ਫੈਸਲਾਕੁਨ ਮੈਚ ’ਚ ਵਾਪਸੀ ਦੀ ਉਮੀਦ ਹੈ। ਦੂਜੇ ਪਾਸੇ ਧਵਨ ਵੀ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ। ਬੀਸੀਸੀਆਈ ਨੇ ਬਿਆਨ ਵਿੱਚ ਕਿਹਾ, ‘‘ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਸੱਟ ’ਚ ਸੁਧਾਰ ਹੋ ਰਿਹਾ ਹੈ, ਜਿਸ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਖ਼ਰੀ ਇੱਕ ਰੋਜ਼ਾ ਵਿੱਚ ਉਨ੍ਹਾਂ ਦੇ ਹਿੱਸਾ ਲੈਣ ਬਾਰੇ ਫ਼ੈਸਲਾ ਮੈਚ ਤੋਂ ਪਹਿਲਾਂ ਹੀ ਲਿਆ ਜਾਵੇਗਾ।’’ ਜ਼ਖ਼ਮੀ ਰਿਸ਼ਭ ਪੰਤ ਦੀ ਥਾਂ ਮਨੀਸ਼ ਪਾਂਡੇ ਨੂੰ ਖੇਡਣ ਦਾ ਮੌਕਾ ਮਿਲਿਆ। ਹੁਣ ਵੇਖੋ ਇਸ ਵਿਕਟਕੀਪਰ/ਬੱਲੇਬਾਜ਼ ਨੂੰ ਟੀਮ ’ਚ ਮੌਕਾ ਮਿਲਦਾ ਹੈ ਜਾਂ ਨਹੀਂ।