ਭਾਰਤ ਤੇ ਬ੍ਰਾਜ਼ੀਲ ਵਿਚਾਲੇ 15 ਸਮਝੌਤੇ ਸਹੀਬੱਧ
ਨਵੀਂ ਦਿੱਲੀ – ਭਾਰਤ ਤੇ ਬ੍ਰਾਜ਼ੀਲ ਨੇ ਅੱਜ ਵੱਖ-ਵੱਖ ਖੇਤਰਾਂ ਨਾਲ ਜੁੜੇ 15 ਸਮਝੌਤੇ ਸਹੀਬੱਧ ਕੀਤੇ ਹਨ। ਇਸ ਤੋਂ ਇਲਾਵਾ ਰਣਨੀਤਕ ਭਾਈਵਾਲੀ ਦਾ ਦਾਇਰਾ ਹੋਰ ਵੱਡਾ ਕਰਨ ਲਈ ਕਾਰਜ ਯੋਜਨਾ ਵੀ ਉਲੀਕੀ ਗਈ ਹੈ। ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਸਹੀਬੱਧ ਕੀਤੇ ਗਏ। ਕਾਰਜ ਯੋਜਨਾ ਤਹਿਤ ਦੋਵਾਂ ਮੁਲਕਾਂ ਨੇ ਕੁਝ ਵਿਸ਼ੇਸ਼ ਟੀਚੇ ਮਿੱਥੇ ਹਨ ਤਾਂ ਕਿ ਰੱਖਿਆ, ਵਣਜ-ਵਪਾਰ, ਖੇਤੀਬਾੜੀ, ਨਾਗਰਿਕ ਹਵਾਬਾਜ਼ੀ, ਊਰਜਾ, ਵਾਤਾਵਰਨ, ਸਿਹਤ ਤੇ ਖੋਜ ਦੇ ਖੇਤਰ ’ਚ ਤਾਲਮੇਲ ਹੋਰ ਵਧਾਇਆ ਜਾ ਸਕੇ। ਕੌਮਾਂਤਰੀ ਅਤਿਵਾਦ ਨਾਲ ਨਜਿੱਠਣ ਲਈ ਵੀ ਦੋਵੇਂ ਮੁਲਕ ਰਲ ਕੇ ਕੰਮ ਕਰਨ ਤੇ ਕਿਸੇ ਸਮਝੌਤੇ ਵੱਲ ਵਧਣ ਲਈ ਸਹਿਮਤ ਹੋਏ ਹਨ। ਗੱਲਬਾਤ ਜ਼ਿਆਦਾਤਰ ਦੁਵੱਲੇ ਵਪਾਰ ਤੇ ਨਿਵੇਸ਼ ਬਾਰੇ ਹੋਈ ਹੈ। ਜ਼ਿਕਰਯੋਗ ਹੈ ਕਿ ਦੋਵੇਂ ਮੁਲਕ ਆਲਮੀ ਆਰਥਿਕ ਸੁਸਤੀ ਦਾ ਸ਼ਿਕਾਰ ਹਨ ਤੇ ਆਲਮੀ ਅਰਥਵਿਵਸਥਾ ’ਚ ਭਾਰਤ ਤੇ ਬ੍ਰਾਜ਼ੀਲ ਦਾ ਵੱਡਾ ਯੋਗਦਾਨ ਹੈ। ਸਹੀਬੱਧ ਕੀਤੇ ਗਏ 15 ਸਮਝੌਤੇ ਤੇਲ ਤੇ ਗੈਸ, ਖਣਿਜ ਸਰੋਤਾਂ, ਰਵਾਇਤੀ ਦਵਾਈਆਂ, ਪਸ਼ੂਧਨ, ਪ੍ਰਦੂਸ਼ਣ ਰਹਿਤ ਊਰਜਾ, ਵਪਾਰ ਤੇ ਨਿਵੇਸ਼ ਉੱਤੇ ਕੇਂਦਰਿਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬੋਲਸੋਨਾਰੋ ਦੇ ਦੌਰੇ ਨੇ ਦੋਵਾਂ ਮੁਲਕਾਂ ਵਿਚਾਲੇ ਤਾਲਮੇਲ ਦੀ ਨਵੀਂ ਇਬਾਰਤ ਲਿਖੀ ਹੈ। ਮੋਦੀ ਨੇ ਕਿਹਾ ਕਿ ਬ੍ਰਾਜ਼ੀਲ ਆਰਥਿਕ ਵਿਕਾਸ ਦੇ ਪੱਖ ਤੋਂ ਭਾਰਤ ਦਾ ਅਹਿਮ ਭਾਈਵਾਲ ਹੈ ਤੇ ਦੋਵਾਂ ਮੁਲਕਾਂ ਦੀ ਕਈ ਨੁਕਤਿਆਂ ’ਤੇ ਇਕ ਰਾਇ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਬ੍ਰਾਜ਼ੀਲ ਰੱਖਿਆ ਉਦਯੋਗ ਤੇ ਉਤਪਾਦਨ ’ਚ ਸਹਿਯੋਗ ਦਾ ਦਾਇਰਾ ਵਧਾਉਣਾ ਚਾਹੁੰਦੇ ਹਨ।






