May 6, 2026
#ਪ੍ਰਮੁੱਖ ਖ਼ਬਰਾਂ #ਭਾਰਤ

ਸੰਘਰਸ਼ ਦੌਰਾਨ ਲੋਕ ਅਹਿੰਸਾ ਦਾ ਮੰਤਰ ਯਾਦ ਰੱਖਣ: ਕੋਵਿੰਦ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਖਾਸ ਉਦੇਸ਼ ਲਈ ਸੰਘਰਸ਼ ਦੌਰਾਨ ਅਹਿੰਸਾ ਦੇ ਮੰਤਰ ਨੂੰ ਹਮੇਸ਼ਾ ਯਾਦ ਰੱਖਣ। ਉਨ੍ਹਾਂ ਸਮਾਜਿਕ ਅਤੇ ਆਰਥਿਕ ਉਦੇਸ਼ ਹਾਸਲ ਕਰਨ ਲਈ ‘ਸੰਵਿਧਾਨਕ ਤਰੀਕਿਆਂ ’ਤੇ ਮਜ਼ਬੂਤੀ ਨਾਲ ਪਹਿਰਾ’ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਮੁਲਕ ’ਚ ਨਵੇਂ ਸੋਧੇ ਹੋਏ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਉਂਜ ਉਨ੍ਹਾਂ ਇਸ ਬਾਬਤ ਕੋਈ ਜ਼ਿਕਰ ਨਹੀਂ ਕੀਤਾ ਹੈ।71ਵੇਂ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਕੌਮ ਦੇ ਨਾਮ ਸੰਦੇਸ਼ ’ਚ ਸ੍ਰੀ ਕੋਵਿੰਦ ਨੇ ਮਹਾਤਮਾ ਗਾਂਧੀ ਵੱਲੋਂ ਮਨੁੱਖਤਾ ਨੂੰ ਦਿੱਤੇ ਗਏ ‘ਅਹਿੰਸਾ’ ਦੇ ਮੰਤਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕਦਮ ਠੀਕ ਹੈ ਜਾਂ ਗਲਤ ਦਾ ਫ਼ੈਸਲਾ ਵੀ ‘ਸਾਡੇ ਲੋਕਤੰਤਰ ਦੇ ਕੰਮਕਾਜ ’ਤੇ ਲਾਗੂ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਆਧੁਨਿਕ ਭਾਰਤ ਤਿੰਨ ਅੰਗਾਂ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ’ਤੇ ਆਧਾਰਿਤ ਹੈ ਜੋ ਆਪਸ ’ਚ ਜੁੜੇ ਹੋਏ ਹਨ ਅਤੇ ਇਕ-ਦੂਜੇ ’ਤੇ ਨਿਰਭਰ ਹਨ।ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਅਹਿਮ ਭੂਮਿਕਾ ਨਿਭਾਏ ਜਾਣ ’ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ,‘‘ਦੋਹਾਂ ਨੂੰ ਆਪਣੇ ਸਿਆਸੀ ਵਿਚਾਰ ਪ੍ਰਗਟਾਉਂਦਿਆਂ ਕਦਮ-ਤਾਲ ਕਰਦਿਆਂ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਮੁਲਕ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ।’’ ਟੀਵੀ ’ਤੇ ਦਿੱਤੇ ਭਾਸ਼ਨ ਦੌਰਾਨ ਸ੍ਰੀ ਕੋਵਿੰਦ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਵਿਚਾਰ ਰਾਸ਼ਟਰ ਨਿਰਮਾਣ ਦੀਆਂ ਕੋਸ਼ਿਸ਼ਾਂ ’ਚ ਅੱਜ ਵੀ ਪ੍ਰਸੰਗਕ ਹਨ। ‘ਗਾਂਧੀ ਜੀ ਦੇ ਸੱਚਾਈ ਅਤੇ ਅਹਿੰਸਾ ਦੇ ਸੁਨੇਹੇ ’ਤੇ ਸਾਨੂੰ ਰੋਜ਼ਾਨਾ ਅੰਤਰਝਾਤ ਮਾਰਨੀ ਚਾਹੀਦੀ ਹੈ।’