May 7, 2026
#ਖੇਡਾਂ

ਸਾਇਨਾ ਨੇਹਵਾਲ ਭਾਜਪਾ ਵਿੱਚ ਸ਼ਾਮਿਲ

ਨਵੀਂ ਦਿੱਲੀ – ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਕੋਰਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਸਿਆਸੀ ਮੈਦਾਨ ਵਿੱਚ ਵੀ ਉਤਰ ਚੁੱਕੀ ਹੈ| ਭਾਜਪਾ ਹੈਡਕੁਆਰਟਰ ਵਿੱਚ ਬੀ. ਜੇ. ਪੀ. ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਦੀ ਮੌਜੂਦਗੀ ਵਿਚ ਸਾਇਨਾ ਨੇਹਵਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੈਂਬਰ ਬਣੀ ਹੈ|ਸਾਇਨਾ ਨੇ ਬੈਡਮਿੰਟਨ ਵਿੱਚ ਅਜਿਹੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਜੋ ਉਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਨਹੀਂ ਹਾਸਲ ਕਰ ਸਕਿਆ ਹੈ| ਸਾਲ 2012 ਵਿਚ ਲੰਡਨ ਓਲੰਪਿਕ ਵਿੱਚ ਸਾਇਨਾ ਕਾਂਸੀ ਤਮਗਾ ਵੀ ਜਿੱਤ ਚੁੱਕੀ ਹੈ| ਸਾਇਨਾ ਭਾਰਤ ਵੱਲੋਂ ਪਦਮ ਸ਼੍ਰੀ ਅਤੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਹੋ ਚੁੱਕੀ ਹੈ| ਉਸ ਦਾ ਵਿਆਹ ਬੈਡਮਿੰਟਨ ਖਿਡਾਰੀ ਪੀ. ਕਸ਼ਯਪ ਨਾਲ ਹੋਇਆ ਹੈ| ਹਰਿਆਣਾ ਵਿਚ ਜਨਮੀ 29 ਸਾਲਾ ਸਾਇਨਾ ਭਾਜਪਾ ਲਈ ਵੱਡੇ ਚਿਹਰੇ ਦਾ ਕੰਮ ਕਰ ਸਕਦੀ ਹੈ| ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੇ ਨਾਂ 24 ਕੌਮਾਂਤਰੀ ਖਿਤਾਬ ਦਰਜ ਹਨ| ਸਾਲ 2009 ਵਿੱਚ ਜਿੱਥੇ ਸਾਇਨਾ ਦੂਜੇ ਨੰਬਰ ਤੇ ਰਹਿ ਚੁੱਕੀ ਹੈ ਤਾਂ ਉੱਥੇ ਹੀ 2015 ਵਿੱਚ ਨੰਬਰ ਇਕ ਦਾ ਤਾਜ ਵੀ ਪਹਿਨ ਚੁੱਕੀ ਹੈ| ਦਿੱਲੀ ਚੋਣਾਂ ਤੋਂ ਠੀਕ ਪਹਿਲਾਂ ਸਾਇਨਾ ਦਾ ਭਾਰਤੀ ਜਨਤਾ ਪਾਰਟੀ (ਬੀ. ਜੇ ਪੀ.) ਵਿਚ ਸ਼ਾਮਲ ਹੋਣਾ ਪਾਰਟੀ ਲਈ ਵੱਡੀ ਗੱਲ ਹੋਵੇਗੀ| ਸੂਤਰਾਂ ਦਾ ਮੰਨੀਏ ਤਾਂ ਸਾਇਨਾ ਨੇਹਵਾਲ ਨੂੰ ਭਾਜਪਾ ਦਿੱਲੀ ਚੋਣਾਂ ਵਿੱਚ ਪ੍ਰਚਾਰ ਲਈ ਉਤਾਰ ਸਕਦੀ ਹੈ| ਇਸ ਤੋਂ ਪਹਿਲਾਂ ਵੀ ਕਈ ਖਿਡਾਰੀ ਬੀ. ਜੇ. ਪੀ. ਵਿਚ ਸ਼ਾਮਲ ਹੋ ਚੁੱਕੇ ਹਨ, ਜਿਸ ਵਿਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ, ਰੈਸਲਰ ਬਬੀਤਾ ਫੋਗਟ ਆਦਿ ਸ਼ਾਮਲ ਹਨ|