May 7, 2026
#ਪ੍ਰਮੁੱਖ ਖ਼ਬਰਾਂ #ਭਾਰਤ

ਦਿੱਲੀ-ਚੰਡੀਗੜ੍ਹ-ਅੰਮ੍ਰਿਤਸਰ ਰੂਟ ‘ਤੇ ਦੌੜੇਗੀ ਬੁਲੇਟ ਰੇਲ

ਭਾਰਤੀ ਰੇਲਵੇ ਨੇ ਦੇਸ਼ ਦੇ ਬੁਲੇਟ ਰੇਲ ਲਈ 6 ਰੂਟਾਂ ਦੀ ਕੀਤੀ ਸ਼ਨਾਖ਼ਤ

ਨਵੀਂ ਦਿੱਲੀ – ਭਾਰਤੀ ਰੇਲਵੇ ਨੇ 6 ਰੂਟਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ‘ਤੇ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜਨ ਵਾਲੀਆਂ ਬੁਲੇਟ ਰੇਲ–ਗੱਡੀਆਂ ਚਲਾਈਆਂ ਜਾਣਗੀਆਂ। ਇਨ੍ਹਾਂ ਦੀ ਸੈਮੀ–ਹਾਈ ਸਪੀਡ ਲਾਂਘੇ ‘ਤੇ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਨ੍ਹਾਂ ਵਿੱਚ 500 ਕਿਲੋਮੀਟਰ ਲੰਮਾ ਦਿੱਲੀ–ਅੰਮ੍ਰਿਤਸਰ ਰੂਟ ਵੀ ਸ਼ਾਮਿਲ ਹੋਵੇਗਾ। ਇਸ ਸਬੰਧੀ ‘ਵਿਸਤ੍ਰਿਤ ਪ੍ਰੋਜੇਕਟ ਰਿਪੋਰਟ’ ਇੱਕ ਸਾਲ ਵਿੱਚ ਤਿਆਰ ਹੋ ਜਾਵੇਗੀ। ਸ਼ਨਾਖ਼ਤ ਕੀਤੇ ਇਨ੍ਹਾਂ ਰੂਟਾਂ ਵਿੱਚ ਦਿੱਲੀ, ਨੌਇਡਾ, ਆਗਰਾ, ਲਖਨਊ, ਵਾਰਾਨਸੀ, ਜੇਪੁਰ, ਅਹਿਮਦਾਬਾਦ, ਪੁਣੇ, ਹੈਦਰਾਬਾਦ ਤੇ ਬੈਂਗਲੁਰੂ ਸ਼ਾਮਿਲ ਹਨ। ਇਨ੍ਹਾਂ 6 ਲਾਂਘਿਆਂ ‘ਚ ਦਿੱਲੀ–ਨੌਇਡਾ–ਆਗਰਾ–ਵਾਰਾਨਸੀ ਵਿਚਲੀ 865 ਕਿਲੋਮੀਟਰ ਦੀ ਦੂਰੀ ਵੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਮੁੰਬਈ–ਅਹਿਮਦਾਬਾਦ ਹਾਈ ਸਪੀਡ ਲਾਂਘੇ ਦਾ ਨਿਰਮਾਣ ਪਹਿਲਾਂ ਹੀ ਚੱਲ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਦਿੱਲੀ–ਅੰਮ੍ਰਿਤਸਰ ਬੁਲੇਟ ਰੇਲ–ਗੱਡੀ ਦਾ ਰੂਟ ਅੰਬਾਲਾ ਤੋਂ ਰਾਜਪੁਰਾ ਨਹੀਂ ਹੋਵੇਗਾ, ਸਗੋਂ ਇਹ ਰੇਲ–ਗੱਡੀ ਦਿੱਲੀ ਤੋਂ ਸਿੱਧੀ ਚੰਡੀਗੜ੍ਹ, ਫਿਰ ਲੁਧਿਆਣਾ ਤੇ ਜਲੰਧਰ ਹੁੰਦੀ ਹੋਈ ਅੰਮ੍ਰਿਤਸਰ ਪੁੱਜਿਆ ਕਰੇਗੀ। ਪੰਜਾਬ ਤੇ ਚੰਡੀਗੜ੍ਹ ਦੇ ਵਾਸੀਆਂ ਨੂੰ ਇਸ ਰੇਲ–ਗੱਡੀ ਦਾ ਬਹੁਤ ਫ਼ਾਇਦਾ ਹੋਵੇਗਾ। ਇਹ ਰੇਲ–ਗੱਡੀ ਵੱਧ ਤੋਂ ਵੱਧ ਇੱਕ ਘੰਟੇ ‘ਚ ਦਿੱਲੀ ਤੋਂ ਚੰਡੀਗੜ੍ਹ ਤੇ ਇੰਨੇ ਕੁ ਹੀ ਸਮੇਂ ਅੰਦਰ ਅੰਮ੍ਰਿਤਸਰ ਪੁੱਜ ਜਾਇਆ ਕਰੇਗੀ। ਆਮ ਬਜਟ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਦੱਸਿਆ ਕਿ ਇਸ ਦੇ ਨਾਲ ਹੀ ਦਿੱਲੀ ਤੋਂ ਜੈਪੁਰ–ਉਦੇਪੁਰ–ਅਹਿਮਦਾਬਾਦ ਤੱਕ ਦੇ 886 ਕਿਲੋਮੀਟਰ, ਮੁੰਬਈ–ਨਾਸਿਕ–ਨਾਗਪੁਰ ਦੇ 753 ਕਿਲੋਮੀਟਰ, ਮੁੰਬਈ–ਪੁਣੇ–ਹੈਦਰਾਬਾਦ ਦੇ 711 ਕਿਲੋਮੀਟਰ, ਚੇਨਈ–ਬੈਂਗਲੁਰੂ–ਮੈਸੂਰ ਦੇ 435 ਕਿਲੋਮੀਟਰ ਲੰਮੇ ਰੂਟ ਉੱਤੇ ਵੀ ਬੁਲੇਟ ਰੇਲ–ਗੱਡੀਆਂ ਦੌੜਿਆ ਕਰਨਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦਾ ਪਹਿਲਾ ਹਾਈ-ਸਪੀਡ ਕੋਰੀਡੋਰ ਮੁੰਬਈ-ਅਹਿਮਦਾਬਾਦ ‘ਤੇ ਭਾਰਤ ਦਾ ਬੁਲੇਟ ਟ੍ਰੇਨ ਪ੍ਰਾਜੈਕਟ ਦਸੰਬਰ 2023 ਤੱਕ ਪੂਰਾ ਹੋ ਜਾਵੇਗਾ। ਸ਼੍ਰੀ ਯਾਦਵ ਨੇ ਇਹ ਵੀ ਦੱਸਿਆ ਕਿ ਬੁਲੇਟ ਟ੍ਰੇਨ ਪ੍ਰਾਜੈਕਟ ਲਈ ਜ਼ਮੀਨ ਪ੍ਰਾਪਤੀ ਦਾ 90 ਫ਼ੀਸਦੀ ਅਗਲੇ 6 ਮਹੀਨਿਆਂ ‘ਚ ਪੂਰਾ ਕਰ ਲਿਆ ਜਾਵੇਗਾ।