ਜਾਮੀਆ ਇਲਾਕੇ ‘ਚ ਸੀ.ਏ.ਏ. ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਫਾਇਰਿੰਗ
ਇੱਕ ਵਿਦਿਆਰਥੀ ਜ਼ਖ਼ਮੀ, ਦੋਸ਼ੀ ਗ੍ਰਿਫ਼ਤਾਰ
ਨਵੀਂ ਦਿੱਲੀ – ਦਿੱਲੀ ਦੇ ਜਾਮੀਆ ਇਲਾਕੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਬੰਦੂਕ ਲਹਿਰਾਉਂਦੇ ਦੇਖਿਆ ਗਿਆ। ਉਕਤ ਨੌਜਵਾਨ ਪੁਲਿਸ ਦੇ ਸਾਹਮਣੇ ਨਿਡਰ ਹੋ ਕੇ ਬੰਦੂਕ ਦਿਖਾਉਂਦਾ ਰਿਹਾ। ਫਿਰ ਉਸ ਨੇ ਗੋਲੀਬਾਰੀ ਕੀਤੀ ਜਿਸ ਵਿੱਚ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ। ਹਾਲਾਂਕਿ, ਇਹ ਦਾਅਵਾ ਕੀਤਾ ਜਾਂਦਾ ਹੈ ਕਿ ਵਿਦਿਆਰਥੀ ਨੂੰ ਨੌਜਵਾਨ ਨੇ ਨਹੀਂ ਬਲਕਿ ਪੁਲਿਸ ਦੀ ਗੋਲੀ ਲੱਗੀ ਹੈ। ਵਿਦਿਆਰਥੀ ਨੂੰ ਹੋਲੀ ਫੈਮਲੀ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦੀ ਪਹਿਚਾਣ ਗੋਪਾਲ ਵਜੋਂ ਹੋਈ ਹੈ, ਜੋ ਕਿ ਖੁਦ ਨੂੰ ਰਾਮ ਭਗਤ ਗੋਪਾਲ ਦਸਦਾ ਹੈ। ਇਹ ਘਟਨਾ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਤੋਂ ਲੈ ਕੇ ਰਾਜਘਾਟ ਵੱਲ ਮਾਰਚ ਦੌਰਾਨ ਹੋਈ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਦੋਸ਼ੀ ਨੌਜਵਾਨ ਭਾਰਤ ਮਾਤਾ ਕੀ ਜੈ, ਦਿੱਲੀ ਪੁਲਿਸ ਜ਼ਿੰਦਾਬਾਦ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਾ ਰਿਹਾ ਸੀ।






