May 5, 2026
#ਖੇਡਾਂ

ਨਿਊਜ਼ੀਲੈਂਡ ਨੇ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ

ਨਿਊਜ਼ੀਲੈਂਡ ਨੇ ਰੋਸ ਟੇਲਰ ਦੇ ਨੀਮ ਸੈਂਕੜਿਆਂ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੂੰ ਲਗਾਤਾਰ ਦੂਜੇ ਇੱਕ ਰੋਜ਼ਾ ਵਿੱਚ 22 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾਈ। ਨਿਊਜ਼ੀਲੈਂਡ ਨੇ ਪਹਿਲਾ ਇੱਕ ਰੋਜ਼ਾ ਮੈਚ ਚਾਰ ਵਿਕਟਾਂ ਨਾਲ ਜਿੱਤਿਆ ਸੀ। ਕਿਵੀ ਟੀਮ ਨੇ ਸਾਲ 2014 ਮਗਰੋਂ ਪਹਿਲੀ ਵਾਰ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ ਹੈ। ਦੂਜੇ ਪਾਸੇ ਦੋਵਾਂ ਟੀਮਾਂ ਵਿਚਾਲੇ ਹੋਈਆਂ ਦੁਵੱਲੀਆਂ ਲੜੀਆਂ ’ਚੋਂ ਤਿੰਨੋਂ (2016, 2017 ਅਤੇ 2019) ਭਾਰਤ ਨੇ ਆਪਣੇ ਨਾਮ ਕੀਤੀਆਂ ਹਨ। ਨਿਊਜ਼ੀਲੈਂਡ ਲਈ ਪਹਿਲਾ ਮੈਚ ਖੇਡ ਰਹੇ ਕਾਈਲ ਜੈਮੀਸਨ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਉਸ ਨੇ ਦਸਵੇਂ ਨੰਬਰ ’ਤੇ ਬੱਲੇਬਾਜ਼ੀ ਲਈ ਉਤਰਨ ਮਗਰੋਂ ਨਾਬਾਦ 25 ਦੌੜਾਂ ਬਣਾਈਆਂ ਅਤੇ ਗੇਂਦਬਾਜ਼ੀ ਵਿੱਚ ਦੋ ਵਿਕਟਾਂ ਵੀ ਲਈਆਂ।ਲੈਅ ਵਿੱਚ ਚੱਲ ਰਹੇ ਟੇਲਰ ਦੇ ਨਾਬਾਦ ਨੀਮ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਅੱਠ ਵਿਕਟਾਂ ’ਤੇ 273 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤੀ ਟੀਮ 48.3 ਓਵਰਾਂ ਵਿੱਚ 251 ਦੌੜਾਂ ’ਤੇ ਆਊਟ ਹੋ ਗਈ। ਭਾਰਤ ਨੇ 32ਵੇਂ ਓਵਰ ਤੱਕ 153 ਦੌੜਾਂ ’ਤੇ ਸੱਤ ਵਿਕਟਾਂ ਗੁਆ ਲਈਆਂ ਸਨ। ਇਸ ਮਗਰੋਂ ਰਵਿੰਦਰ ਜਡੇਜਾ ਅਤੇ ਨਵਦੀਪ ਸੈਣੀ ਨੇ 76 ਦੌੜਾਂ ਦੀ ਭਾਈਵਾਲੀ ਕਰਕੇ ਮੈਚ ਨੂੰ ਦਿਲਚਸਪ ਬਣਾ ਦਿੱਤਾ। ਹਾਲਾਂਕਿ ਜੈਮੀਸਨ ਨੇ ਸੈਣੀ ਨੂੰ 45ਵੇਂ ਓਵਰ ਵਿੱਚ ਆਊਟ ਕਰਕੇ ਆਪਣੀ ਟੀਮ ਨੂੰ ਫਿਰ ਮੁਕਾਬਲੇ ’ਚ ਲਿਆਂਦਾ। ਭਾਰਤ ਨੂੰ ਆਖ਼ਰੀ ਦੋ ਓਵਰਾਂ ਵਿੱਚ 23 ਦੌੜਾਂ ਚਾਹੀਦੀਆਂ ਸਨ, ਪਰ ਜਡੇਜਾ 49ਵੇਂ ਓਵਰ ਵਿੱਚ ਜਿੰਮੀ ਨੀਸ਼ਾਮ ਦੀ ਗੇਂਦ ’ਤੇ ਕੋਲਿਨ ਡੀ ਗਰੈਂਡਹੋਮ ਨੂੰ ਕੈਚ ਦੇ ਬੈਠਾ। ਜਡੇਜਾ ਨੇ 73 ਗੇਂਦਾਂ ’ਤੇ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 55 ਦੌੜਾਂ ਬਣਾਈਆਂ, ਜਦਕਿ ਸੈਣੀ ਨੇ 40 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਨਾਲ 45 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾ ਉਪਰੀ ਕ੍ਰਮ ਦੇ ਬੱਲੇਬਾਜ਼ਾਂ ਵਿੱਚ ਸਿਰਫ਼ ਸ਼੍ਰੇਅਸ ਅਈਅਰ ਚੱਲ ਸਕਿਆ, ਜਿਸ ਨੇ 52 ਦੌੜਾਂ ਬਣਾਈਆਂ। ਕਪਤਾਨ ਵਿਰਾਟ ਕੋਹਲੀ 15 ਅਤੇ ਲੈਅ ਵਿੱਚ ਚੱਲ ਰਿਹਾ ਕੇਐੱਲ ਰਾਹੁਲ ਚਾਰ ਦੌੜਾਂ ਬਣਾ ਕੇ ਪਰਤ ਗਿਆ। ਨਿਊਜ਼ੀਲੈਂਡ ਦਾ ਟੇਲਰ 74 ਗੇਂਦਾਂ ਵਿੱਚ ਛੇ ਚੌਕੇ ਅਤੇ ਦੋ ਛੱਕੇ ਮਾਰ ਕੇ 73 ਦੌੜਾਂ ਬਣਾ ਕੇ ਨਾਬਾਦ ਰਿਹਾ। ਉਸ ਨੇ ਨੌਵੀਂ ਵਿਕਟ ਲਈ ਜੈਮੀਸਨ ਨਾਲ 76 ਦੌੜਾਂ ਦੀ ਭਾਈਵਾਲੀ ਕੀਤੀ। ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਪਹਿਲੀ ਵਾਰ ਖੇਡ ਰਹੇ ਜੈਮੀਸਨ ਨੇ ਨਾਬਾਦ 25 ਦੌੜਾਂ ਬਣਾਈਆਂ। ਇੱਕ ਸਮੇਂ ਨਿਊਜ਼ੀਲੈਂਡ ਦਾ ਸਕੋਰ ਅੱਠ ਵਿਕਟਾਂ ’ਤੇ 197 ਦੌੜਾਂ ਸੀ, ਪਰ ਇਨ੍ਹਾਂ ਦੋਵਾਂ ਨੇ ਉਸ ਨੂੰ ਸੰਕਟ ’ਚੋਂ ਕੱਢਿਆ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ 79 ਗੇਂਦਾਂ ਵਿੱਚ 79 ਦੌੜਾਂ ਬਣਾਈਆਂ।