May 5, 2026
#ਦੇਸ਼ ਦੁਨੀਆਂ

ਭਾਰਤੀ ਮੂਲ ਦੀ ਕਾਮਿਆ ਨੇ 6962 ਮੀਟਰ ਉੱਚੀ ਚੋਟੀ ਤੇ ਫਹਿਰਾਇਆ ਤਿਰੰਗਾ

ਵਾਸ਼ਿੰਗਟਨ – ਭਾਰਤੀ ਮੂਲ ਦੀ 12 ਸਾਲ ਦੀ ਵਿਦਿਆਰਥਣ ਕਾਮਿਆ ਕਾਰਤੀਕੇਯਨ ਨੇ ਏਸ਼ੀਆ ਦੇ ਬਾਹਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਏਕਾਂਕਾਗੁਆ ਨੂੰ ਫਤਹਿ ਕੀਤਾ ਹੈ| ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਸਭ ਤੋਂ ਨੌਜਵਾਨ ਪਰਬਤਾਰੋਹੀ ਬਣ ਗਈ| ਇਸ ਮਾਊਂਟ ਪਰਬਤ ਤੇ ਪਹੁੰਚ ਕੇ ਉਸ ਨੇ ਤਿਰੰਗਾ ਫਹਿਰਾਇਆ| 7ਵੀਂ ਜਮਾਤ ਦੀ ਵਿਦਿਆਰਥਣ ਨੇ 6962 ਮੀਟਰ ਉੱਚੀ ਇਸ ਚੋਟੀ ਤੇ 1 ਫਰਵਰੀ ਨੂੰ ਫਤਹਿ ਹਾਸਲ ਕੀਤੀ ਸੀ| ਜਿਕਰਯੌਗ ਹੈ ਕਿ ਮਾਊਂਟ ਏਕਾਂਕਾਗੁਆ ਦੱਖਣੀ ਅਮਰੀਕਾ ਦੇ ਅਰਜਨਟੀਨਾ ਵਿੱਚ ਸਥਿਤ ਐਂਡੀਜ ਪਰਬਤ ਮਾਲਾ ਦੀ ਸਭ ਤੋਂ ਉੱਚੀ ਚੋਟੀ ਹੈ| ਕਾਮਿਆ ਮੁੰਬਈ ਦੇ ਨੇਵੀ ਚਿਲਡਰਨ ਸਕੂਲ ਵਿੱਚ 7ਵੀਂ ਜਮਾਤ ਵਿਚ ਪੜ੍ਹਦੀ ਹੈ| ਉਸ ਨੇ 24 ਅਗਸਤ 2019 ਨੂੰ ਲੱਦਾਖ ਵਿਚ 6260 ਮੀਟਰ ਉੱਚੇ ਮਾਊਂਟ ਮੇਂਟੋਕ ਕਾਂਗਰੀ ਦੂਜੇ ਤੇ ਚੜ੍ਹਾਈ ਪੂਰੀ ਕੀਤੀ ਸੀ| ਅਜਿਹਾ ਕਰਨ ਵਾਲੀ ਉਹ ਸਭ ਤੋਂ ਨੌਜਵਾਨ ਪਰਬਤਾਰੋਹੀ ਸੀ| ਮੁਹਿੰਮ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ,”ਸਾਲਾਂ ਦੀ ਸਰੀਰਕ ਅਤੇ ਮਾਨਸਿਕ ਤਿਆਰੀ ਦੇ ਨਾਲ ਹਿੰਮਤੀ ਖੇਡਾਂ ਵਿਚ ਲਗਾਤਾਰ ਹਿੱਸੇਦਾਰੀ ਨੇ ਕਾਮਿਆ ਨੂੰ ਮੁਸ਼ਕਲ ਹਾਲਤਾਂ ਵਿੱਚ ਚੜ੍ਹਾਈ ਪੂਰੀ ਕਰਨ ਵਿਚ ਮਦਦ ਕੀਤੀ|” ਕਾਮਿਆ ਦੇ ਪਿਤਾ ਐਸ. ਕਾਰਤੀਕੇਯਨ ਭਾਰਤੀ ਜਲ ਸੈਨਾ ਵਿਚ ਕਮਾਂਡਰ ਹਨ, ਜਦਕਿ ਉਹਨਾਂ ਦੀ ਮਾਂ ਲਾਵਨਯਾ ਅਧਿਆਪਕ ਹਨ| ਕਾਮਿਆ ਜਦੋਂ 3 ਸਾਲ ਦੀ ਸੀ ਉਦੋਂ ਉਸ ਨੇ ਲੋਨਾਵਾਲਾ (ਪੁਣੇ) ਵਿੱਚ ਬੇਸਿਕ ਟਰੈਕ ਤੇ ਚੜ੍ਹਨਾ ਸ਼ੁਰੂ ਕੀਤਾ ਸੀ| ਜਦੋਂ ਉਹ 9 ਸਾਲ ਦੀ ਹੋਈ ਤਾਂ ਉਸ ਨੇ ਆਪਣੇ ਮਾਤਾ-ਪਿਤਾ ਦੇ ਨਾਲ ਹਿਮਾਲਿਆ ਦੀਆਂ ਕਈ ਉੱਚੀਆਂ ਚੋਟੀਆਂ ਨੂੰ ਫਤਹਿ ਕੀਤਾ| ਇਹਨਾਂ ਵਿਚ ਉਤਰਾਖੰਡ ਦਾ ਰੂਪਕੁੰਡ ਵੀ ਸ਼ਾਮਲ ਹੈ| ਇੱਕ ਸਾਲ ਬਾਅਦ ਉਹ ਨੇਪਾਲ ਵਿਚ ਐਵਰੈਸਟ ਬੇਸ ਕੈਂਪ (5346 ਮੀਟਰ) ਪਹੁੰਚੀ| 2019 ਵਿਚ ਲੱਦਾਖ ਦੇ ਮਾਊਂਟ ਸਟੋਕ ਕਾਂਗਰੀ (6153 ਮੀਟਰ) ਤੇ ਚੜ੍ਹਾਈ ਪੂਰੀ ਕੀਤੀ| ਕਾਮਿਆ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ (5895 ਮੀਟਰ), ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰੁਸ (5642 ਮੀਟਰ) ਤੇ ਵੀ ਚੜ੍ਹਾਈ ਕਰਨ ਵਿਚ ਸਫਲਤਾ ਹਾਸਲ ਕੀਤੀ| ਉਹ ਅਗਲੇ ਸਾਲ ਐਕਸਪਲੋਰਜ਼ ਗ੍ਰੈਂਡ ਸਲੈਮ ਨੂੰ ਪੂਰਾ ਕਰਨਾ ਚਾਹੁੰਦੀ ਹੈ| ਇਸ ਲਈ ਉਸ ਨੂੰ ਸਾਰੇ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਹਿ ਕਰਨਾ ਹੋਵੇਗਾ|