ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਜਲੰਧਰ – ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਪੈਂਦੇ ਸਾਰੇ ਸਾਇਬਰ ਕੈਫੇ ਦੇ ਮਾਲਕਾਂ ਨੂੰ ਹਦਾਇਤਾਂ ਕਰਦਿਆਂ ਕਿਸੇ ਅਣਜਾਣ ਵਿਅਕਤੀ ਨੂੰ ਜਿਸ ਦੀ ਪਹਿਚਾਣ ਕੈਫੇ ਮਾਲਕ ਵਲੋਂ ਨਹੀਂ ਕੀਤੀ ਗਈ ,ਸਾਇਬਰ ਕੈਫੇ ਦੀ ਵਰਤੋਂ ਕਰਨ ‘ਤੇ ਰੋਕ ਲਗਾਈ ਹੈ। ਇਸ ਤੋਂ ਇਲਾਵਾ ਵਰਤੋਂ ਕਰਨ ਵਾਲੇ/ਆਉਣ ਵਾਲੇ ਵਿਅਕਤੀ ਦੀ ਪਹਿਚਾਣ ਦੇ ਰਿਕਾਰਡ ਲਈ ਰਜਿਸਟਰ ਲਗਾਉਣ ਜਿਸ ਵਿਚ ਸਾਇਬਰ ਕੈਫੇ ਦੀ ਵਰਤੋਂ ਕਰਨ ਵਾਲਾ ਵਿਅਕਤੀ ਆਪਣੇ ਹੱਥ ਨਾਲ ਆਪਣਾ ਨਾਮ, ਘਰ ਦਾ ਪਤਾ, ਟੈਲੀਫੋਨ ਨੰਬਰ ਅਤੇ ਪਹਿਚਾਣ ਸਬੰਧੀ ਸਬੂਤ ਦਾ ਇੰਦਰਾਜ ਕਰੇਗਾ, ਵਰਤੋਂ ਕਰਨ ਵਾਲਾ/ਆਉਣ ਵਾਲੇ ਵਿਅਕਤੀ ਦੀ ਸ਼ਨਾਖਤ ਉਸਦੇ ਪਹਿਚਾਣ ਪੱਤਰ, ਵੋਟਰ ਕਾਰਡ, ਰਾਸ਼ਨ ਕਾਰਡ ਡਰਾਇਵਿੰਗ ਲਾਇਸੰਸ, ਪਾਸਪੋਰਟ, ਫੋਟੋ ਕਰੈਡਿਟ ਕਾਰਡ ਨਾਲ ਕਰਨ, ਐਕਟੀਵਿਟੀ ਸਰਵਰ ਲੰਗ ਮੁੱਖ ਸਰਵਰ ਵਿੱਚ ਸੁਰੱਖਿਅਤ ਹੋਵੇਗਾ ਅਤੇ ਇਸਦਾ ਰਿਕਾਰਡ ਮੁੱਖ ਸਰਵਰ ਵਿਚ ਘੱਟੋ-ਘੱਟ ਛੇ ਮਹੀਨਿਆਂ ਲਈ ਸੁਰੱਖਿਅਤ ਰੱਖਣ, ਜੇਕਰ ਸਾਈਬਰ ਕੈਫੇ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਗਤੀਵਿਧੀ ਸਾਇਬਰ ਕੈਫੇ ਦੇ ਮਾਲਕ ਨੂੰ ਸ਼ੱਕੀ ਲੱਗਦੀ ਹੈ ਤਾਂ ਉਹ ਸਬੰਧਿਤ ਥਾਣੇ ਨੂੰ ਸੂਚਿਤ ਕਰੇਗਾ,ਕਿਸੇ ਵਿਅਕਤੀ ਵਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਬਾਰੇ ਰਿਕਾਰਡ ਨੂੰ ਸੰਭਾਲ ਕੇ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਨੈਸ਼ਨਲ ਹਾਈਵੇ ਅਤੇ ਸਟੇਟ ਹਾਈਵੇ ‘ਤੇ ਸਥਿਤ ਮੈਰਿਜ ਪੈਲੇਸ/ਹੋਟਲ ਵਾਲਿਆਂ ਵਲੋਂ ਨੈਸ਼ਨਲ ਹਾਈਵੇ/ ਸਟੇਟ ਹਾਈਵੇ ਉਪਰ ਗੱਡੀਆਂ ਦੀ ਪਾਰਕਿੰਗ ਸੜਕਾਂ ਦੇ ਉਪਰ/ਕਿਨਾਰੇ ਉਪਰ ਪਾਰਕਿੰਗ , ਸ਼ਾਦੀ/ਹੋਰ ਸਮਾਗਮ ਦੌਰਾਨ ਸੜਕ ਉਪਰ ਪਟਾਕੇ ਚਲਾਉਣ, ਪੈਲੇਸਾਂ/ਹੋਟਲਾਂ ਅੰਦਰ ਅਤੇ ਬਾਹਰ ਫਾਇਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਪੈਂਦੇ ਪੈਟਰੋਲ ਪੰਪਾਂ ਅਤੇ ਬੈਂਕਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਅਤੇ ਇਨ੍ਹਾਂ ਕੈਮਰਿਆਂ ਵਿੱਚ ਘੱਟ ਤੋਂ ਘੱਟ ਸੱਤ ਦਿਨ ਦੀ ਰਿਕਾਰਡਿੰਗ ਰੱਖਣ ਦੇ ਹੁਕਮ ਜਾਰੀ ਕੀਤੇ ਹਨ।






