ਭਾਜਪਾ ਮੇਰੀ ਸੁਰੱਖਿਆ ਵਾਪਸ ਲੈ ਕੇ ਦਿਖਾਵੇ: ਅਖਿਲੇਸ਼
ਲਖਨਊ – ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਆਖਿਆ ਕਿ ਉਸ ਨੂੰ ਸੁਰੱਖਿਆ ਛੱਤਰੀ ਦੀ ਕੋਈ ਲੋੜ ਨਹੀਂ ਹੈ ਪਰ ਉਨ੍ਹਾਂ ਨਾਲ ਹੀ ਭਾਰਤੀ ਜਨਤਾ ਪਾਰਟੀ ਨੂੰ ਲਲਕਾਰਿਆ ਕਿ ਉਹ ਉਸ ਦੀ ਸੁਰੱਖਿਆ ਵਾਪਸ ਲੈ ਕੇ ਦਿਖਾਵੇ। ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਦੇ ਆਗੂ ਨੇ ਉਸ ਨੂੰ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਸ ਦੇ ਦਫ਼ਤਰ ਵਿੱਚ ਮੀਟਿੰਗ ਦੌਰਾਨ ਇਕ ਨੌਜਵਾਨ ਨੇ ਖਲਲ ਪਾਇਆ ਸੀ ਅਤੇ ਧਰਮ ਦੇ ਆਧਾਰ ’ਤੇ ਨਾਅਰੇ ਮਾਰੇ ਸਨ। ਅਖਿਲੇਸ਼ ਨੇ ਆਖਿਆ,‘ ਮੈਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ, ਮੈਂ ਆਜ਼ਾਦੀ ਨਾਲ ਜਿਊਣਾ ਚਾਹੁੰਦਾ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੋਈ ਸਥਾਨਕ ਇੰਸਪੈਕਟਰ ਮੇਰੀ ਪ੍ਰੈੱਸ ਕਾਨਫਰੰਸ ਵਿੱਚ ਆ ਕੇ ਖਲਲ ਕਿਵੇਂ ਪਾ ਸਕਦਾ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਨੇ ਉਸ ਦਾ ਘਰ ਤੇ ਵਾਹਨ ਵਾਪਸ ਲੈ ਲਏ, ਉਹ ਉਸ ਦੀ ਸੁਰੱਖਿਆ ਵੀ ਵਾਪਸ ਲੈ ਸਕਦੇ ਹਨ। ਉਹ ਸਾਈਕਲ ਦੀ ਸਵਾਰੀ ਕਰਕੇ ਹੀ ਖੁਸ਼ ਹਨ। ਜ਼ਿਕਰਯੋਗ ਹੈ ਕਿ ‘ਸਾਈਕਲ’ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਹੈ।ਯਾਦਵ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਪਾਰਟੀ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ ਤਾਂ ਇਸੇ ਦੌਰਾਨ ਇਕ ਨੌਜਵਾਨ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਮਾਰੇ ਸਨ, ਮਗਰੋਂ ਭਾਜਪਾ ਆਗੂ ਵੱਲੋਂ ਉਸ ਨੂੰ ਜਾਨੋਂ ਮਾਰਨ ਦਾ ਧਮਕੀ ਭਰਿਆ ਫੋਨ ਤੇ ਸੁਨੇਹਾ ਆਇਆ ਸੀ।






