ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਮੁੜ ‘ਗ੍ਰੇਅ ਲਿਸਟ’ ਵਿੱਚ ਰੱਖਿਆ
ਚੀਨ, ਮਲੇਸ਼ੀਆ ਤੇ ਤੁਰਕੀ ਨੇ ਬਲੈਕ ਲਿਸਟ ਹੋਣ ਤੋਂ ਬਚਾਇਆ
ਨਵੀਂ ਦਿੱਲੀ – ਅੱਤਵਾਦ ਦੀ ਪੁਸ਼ਤ ਪਨਾਹੀ ਕਰਨ ਦੇ ਇਲਜ਼ਾਮ ‘ਚ ਘਿਰਿਆ ਪਾਕਿਸਤਾਨ ਇੱਕ ਵਾਰ ਫਿਰ ਬਲੈਕ–ਲਿਸਟ ਹੋਣ ਤੋਂ ਬੱਚ ਗਿਆ ਹੈ। ਇਸ ਵਾਰ ਚੀਨ, ਮਲੇਸ਼ੀਆ ਤੇ ਤੁਰਕੀ ਦੀ ਹਮਾਇਤ ਨੇ ਉਸ ਨੂੰ ਬਚਾ ਲਿਆ। ਵਿਸ਼ਵ ਅੱਤਵਾਦ ਉੱਤੇ ਚੌਕਸ ਨਜ਼ਰ ਰੱਖਣ ਵਾਲੀ ਕੌਮਾਂਤਰੀ ਇਕਾਈ ‘ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ’ (ਐਫ.ਏ.ਟੀ.ਐਫ.) ਨੇ ਅੱਤਵਾਦ ਨੂੰ ਵਿੱਤੀ ਇਮਦਾਦ ਉੱਤੇ ਕਾਬੂ ਪਾਉਣ ‘ਚ ਨਾਕਾਮੀ ਕਾਰਨ ਪਾਕਿਸਤਾਨ ਨੂੰ ਅਗਲੇ ਚਾਰ ਮਹੀਨਿਆਂ ਤੱਕ ਸ਼ੱਕੀ ਦੇਸ਼ਾਂ ਦੀ ਸੂਚੀ ‘ਚ ਰੱਖਣ ਦਾ ਫ਼ੈਸਲਾ ਕੀਤਾ ਹੈ। ਗ੍ਰੇਅ ਸੂਚੀ ਤੋਂ ਬਚਣ ਲਈ ਪਾਕਿਸਤਾਨ ਨੂੰ 13 ਦੇਸ਼ਾਂ ਦੀ ਹਮਾਇਤ ਚਾਹੀਦੀ ਸੀ, ਜੋ ਉਸ ਨੂੰ ਨਹੀਂ ਮਿਲੀ। ਐਫ.ਏ.ਟੀ.ਐਫ. ਨੇ ਨਾਲ ਹੀ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਅੱਤਵਾਦ ਸਮੇਤ 25–ਸੂਤਰੀ ਕਾਰਜ ਯੋਜਨਾ ਨੂੰ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਜਾਵੇਗਾ। ਇਹ ਫ਼ੈਸਲਾ ਐਫ.ਏ.ਟੀ.ਐਫ. ਦੇ ਕੌਮਾਂਤਰੀ ਸਹਿਯੋਗ ਸਮੀਖਿਆ ਸਮੂਹ (ਆਈ.ਸੀ.ਆਰ.ਜੀ.) ਦੀ ਮੀਟਿੰਗ ‘ਚ ਲਿਆ ਗਿਆ। ਇਹ ਮੀਟਿੰਗ ਪੈਰਿਸ ‘ਚ ਜਨਰਲ ਇਜਲਾਸ ਦੌਰਾਨ ਹੋਈ। ਮੀਟਿੰਗ ਵਿੱਚ ਕੂਟਨੀਤਕਾਂ ਅਤੇ ਐਫ.ਏ.ਟੀ.ਐਫ. ਦੇ ਮੈਂਬਰਾਂ ਨੇ ਇਸ ਪਾਸੇ ਧਿਆਨ ਦੇਣ ਲਈ ਕਿਹਾ ਹੈ ਕਿ ਕਿਵੇਂ ਪਾਕਿਸਤਾਨ ਐਫ.ਏ.ਟੀ.ਐਫ. ਦੀ ਤਕਨੀਕੀ ਪ੍ਰਕਿਰਿਆ ਦਾ ਸਿਆਸੀਕਰਨ ਕਰਨ ਦਾ ਯਤਨ ਕਰ ਰਿਹਾ ਹੈ। ਕੂਟਨੀਤਕ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਆਉਂਦੇ ਜੂਨ ਮਹੀਨੇ ਤੱਕ ‘ਸ਼ੱਕੀ ਸੂਚੀ’ ਵਿੱਚ ਹੀ ਬਣਿਆ ਰਹੇਗਾ। ਐਫ.ਏ.ਟੀ.ਐਫ. ਨੇ ਆਪਣੇ ਮੈਂਬਰਾਂ ਨੂੰ ਪਾਕਿਸਤਾਨ ਦੇ ਸਾਰੇ ਕਾਰੋਬਾਰੀ ਰਿਸ਼ਤਿਆਂ ਅਤੇ ਵਿੱਤੀ ਲੈਣ–ਦੇਣ ਉੱਤੇ ਚੌਕਸ ਨਜ਼ਰ ਰੱਖਣ ਲਈ ਕਿਹਾ ਹੈ। ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਆਪਣੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਫ਼ਰਵਰੀ ਮਹੀਨੇ ਗ੍ਰੇਅ ਲਿਸਟ ਵਿੱਚੋਂ ਬਾਹਰ ਨਿੱਕਲ ਜਾਵੇਗਾ।






