May 5, 2026
#ਖੇਡਾਂ

ਭਾਰਤ ਲਈ ਸਖ਼ਤ ਪ੍ਰੀਖਿਆ ਹੋਵੇਗਾ ਕ੍ਰਾਈਸਟਚਰਚ ਟੈਸਟ

ਵੈਲਿੰਗਟਨ ਵਿੱਚ ਮੁਸ਼ਕਲਾਂ ਹਾਲਾਤ ਦਾ ਸਾਹਮਣਾ ਕਰਨ ’ਚ ਨਾਕਾਮ ਰਹੇ ਭਾਰਤ ਦੇ ਮਸ਼ਹੂਰ ਬੱਲੇਬਾਜ਼ੀ ਕ੍ਰਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਸ਼ਨਿਚਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਮੁੜ ਤੋਂ ਸਖ਼ਤ ਪ੍ਰੀਖਿਆ ’ਚੋਂ ਲੰਘਣਾ ਹੋਵੇਗਾ ਕਿਉਂਕਿ ਕਿਵੀ ਤੇਜ਼ ਗੇਂਦਬਾਜ਼ ਸ਼ਾਰਟ ਪਿੱਚ ਗੇਂਦਾਂ ਦੀ ਆਪਣੀ ਮੁਹਾਰਤ ਦੀ ਬੇਦਰੇਗ ਵਰਤੋਂ ਕਰਨ ਲਈ ਤਿਆਰ ਹਨ। ਵਿਸ਼ਵ ਟੈਸਟ ਚੈਂਪੀਅਨਸ਼ਿਪ ਤਹਿਤ ਖੇਡੀ ਜਾ ਰਹੀ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਭਾਰਤੀ ਬੱਲੇਬਾਜ਼ ਨਾਕਾਮ ਰਹੇ ਅਤੇ ਵੈਲਿੰਗਟਨ ਵਿੱਚ ਟੀਮ ਨੂੰ ਦਸ ਵਿਕਟਾਂ ਨਾਲ ਤਕੜੀ ਸ਼ਿਕਸਤ ਮਿਲੀ। ਇਸ ਤਰ੍ਹਾਂ ਦੀ ਕਾਰਗੁਜ਼ਾਰੀ ਨੇ ਭਾਰਤੀ ਬੱਲੇਬਾਜ਼ੀ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਅਤੇ ਕੋਚ ਰਵੀ ਸ਼ਾਸਤਰੀ ਵੀ ਇਸ ਨਾਲ ਸਹਿਮਤ ਹੈ। ਸ਼ਾਸਤਰੀ ਨੇ ਦੂਜੇ ਮੈਚ ਤੋਂ ਪਹਿਲਾਂ ਅੱਜ ਕਿਹਾ, ‘‘ਇਸ ਤਰ੍ਹਾਂ ਦਾ ਝਟਕਾ ਲੱਗਣਾ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਤੁਹਾਡਾ ਦਿਮਾਗ਼ ਖੁੱਲ੍ਹ ਜਾਂਦਾ ਹੈ। ਜਦੋਂ ਤੁਸੀਂ ਹਮੇਸ਼ਾ ਜਿੱਤ ਦਰਜ ਰਹੇ ਹੁੰਦੇ ਹੋ ਅਤੇ ਹਾਰ ਨਸੀਬ ਨਹੀਂ ਹੁੰਦੀ ਤਾਂ ਤੁਹਾਡਾ ਦਿਮਾਗ਼ ਬੰਦ ਹੋ ਸਕਦਾ ਹੈ।’’ ਹੈਗਲੇ ਓਵਲ ਦੀ ਘਾਹ ਵਾਲੀ ਪਿੱਚ ’ਤੇ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਵਰਗੇ ਬੱਲੇਬਾਜ਼ਾਂ ਨੂੰ ਹੋਰ ਸਖ਼ਤ ਪਰਖ ਵਿੱਚੋਂ ਲੰਘਣਾ ਹੋਵੇਗਾ। ਇਸ ਮੈਦਾਨ ’ਤੇ ਨਿਊਜ਼ੀਲੈਂਡ ਨੇ ਇੱਕ ਮੈਚ ਨੂੰ ਛੱਡ ਕੇ ਹੁਣ ਤੱਕ ਸਾਰੇ ਮੈਚ ਜਿੱਤੇ ਹਨ।ਸ਼ਾਰਟ ਪਿੱਚ ਗੇਂਦਾਂ ਦੇ ਮਹਾਰਥੀ ਨੀਲ ਵੈਗਨਰ ਦੀ ਇਸ ਮੈਚ ਵਿੱਚ ਵਾਪਸੀ ਹੋਈ ਅਤੇ ਉਹ ਟਿਮ ਸਾਊਦੀ, ਟ੍ਰੈਂਟ ਬੋਲਟ ਅਤੇ ਕਾਈਲ ਜੈਮੀਸਨ ਨਾਲ ਮਿਲ ਕੇ ਬੱਲੇਬਾਜ਼ਾਂ ਦੀਆਂ ਪਸਲੀਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਭਾਰਤੀ ਟੀਮ ਚਾਹੇਗੀ ਕਿ ਅਜਿੰਕਿਆ ਰਹਾਣੇ, ਹਨੁਮਾ ਵਿਹਾਰੀ ਅਤੇ ਚੇਤੇਸ਼ਵਰ ਪੁਜਾਰਾ ਵਿੱਚੋਂ ਕੋਈ ਬੱਲੇਬਾਜ਼ ਹੌਸਲਾ ਵਧਾਊ ਪ੍ਰਦਰਸ਼ਨ ਕਰੇ ਕਿਉਂਕਿ ਇਸ ਦੀ ਲੋੜ ਤੋਂ ਵੱਧ ਰੱਖਿਆਤਮਕ ਬੱਲੇਬਾਜ਼ੀ ਨਾਲ ਕੋਹਲੀ ’ਤੇ ਦਬਾਅ ਵਧਦਾ ਹੈ। ਪ੍ਰਿਥਵੀ ਸ਼ਾਅ ਨੇ ਕੋਚ ਦੀ ਨਿਗਰਾਨੀ ਹੇਠ ਅੱਜ ਨੈੱਟ ’ਤੇ ਅਭਿਆਸ ਕੀਤਾ। ਭਾਰਤੀ ਟੀਮ ਲਈ ਬੁਰੀ ਖ਼ਬਰ ਇਹ ਹੈ ਕਿ ਪਹਿਲੇ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਸੱਜੇ ਪੈਰ ਦੀ ਸੱਟ ਮੁੜ ਉਭਰ ਆਈ ਹੈ। ਬੀਤੇ ਮਹੀਨੇ ਰਣਜੀ ਟਰਾਫ਼ੀ ਮੈਚ ਖੇਡਦਿਆਂ ਉਸ ਦੇ ਸੱਟ ਲੱਗੀ ਸੀ, ਜਿਸ ਕਾਰਨ ਉਸ ਨੂੰ ਛੇ ਹਫ਼ਤਿਆਂ ਤੱਕ ਬਾਹਰ ਰਹਿਣਾ ਪੈਣਾ ਸੀ, ਪਰ ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਮੁੱਖ ਫਿਜ਼ਿਓ ਅਸ਼ੀਸ਼ ਕੌਸ਼ਿਕ ਨੇ ਉਸ ਨੂੰ ਕੌਮਾਂਤਰੀ ਕ੍ਰਿਕਟ ਵਿੱਚ ਖੇਡਣ ਲਈ ਹਰੀ ਝੰਡੀ ਦੇ ਦਿੱਤੀ ਸੀ।