May 5, 2026
#ਪੰਜਾਬ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਟੈਕਸ ਮੁਕਤ ਬਜਟ ਪੇਸ਼-ਸੇਵਾ ਮੁਕਤੀ ਦੀ ਉਮਰ 58 ਸਾਲ ਕੀਤੀ

ਚੰਡੀਗੜ੍ਹ – ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਸ਼ੁੱਕਰਵਾਰ ਨੂੰ ਪੇਸ਼ ਕਤੇ ਗਏ ਪੰਜਾਬ ਦੇ ਸਾਲਾਨਾ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ। ਨਵਾਂ ਸਾਲਾਨਾ ਬਜਟ 1,54,805 ਕਰੋੜ ਰੁਪਏ ਦਾ ਹੈ। ਇਸ ਬਜਟ ਮੁਤਾਬਕ ਸਾਲ 2020–21 ਸੂਬੇ ਦਾ ਕਰਜ਼ਾ 2,28,906 ਕਰੋੜ ਰੁਪਏ ਤੋਂ ਵਧ ਕੇ 2,48,236 ਕਰੋੜ ਰੁਪਏ ਹੋ ਜਾਵੇਗਾ। ਬਜਟ ਪੇਸ਼ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦੀ ਸੇਵਾ–ਮੁਕਤੀ ਦੀ ਉਮਰ ਹੁਣ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਮੁਲਾਜ਼ਮਾਂ ਨੂੰ 6 ਫ਼ੀਸਦੀ ਮਹਿੰਗਾਈ ਭੱਤੇ (ਡੀ.ਏ.) ਦੀ ਕਿਸ਼ਮ ਮਾਰਚ 2020 ਤੋਂ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਸਰਕਾਰ ਨੇ ਨਵੇਂ ਬਜਟ ਵਿੱਚ 11 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ‘ਚ ਇੱਕ ਆਰਮੀ ਫ਼ੋਰਸ ਪ੍ਰੈਪਰੇਟਰੀ ਇੰਸਟੀਚਿਊਟ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਹੈ। 100 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਸਰਕਾਰ 4,150 ਕਲਾਸ–ਰੂਮਜ਼ ਦੀ ਉਸਾਰੀ ਕਰੇਗੀ। ਇਸ ਦੇ ਨਾਲ ਹੀ ਪਹਿਲੇ ਗੇੜ ਦੌਰਾਨ 259 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲਾਂ ਵਿੱਚ 10–10 ਕਿਲੋਵਾਟ ਸਮਰੱਥਾ ਵਾਲੇ ਸੋਲਰ ਪਲਾਂਟ ਸਥਾਪਤ ਕੀਤੇ ਜਾਣਗੇ।ਕਿਸਾਨਾਂ ਦੇ 2,000 ਕਰੋੜ ਰੁਪਏ ਦੇ ਕਰਜ਼ੇ ਮਾਫ਼- ਬਜਟ ਵਿੱਚ ਐਲਾਨ ਕੀਤਾ ਗਿਆ ਕਿ ਖੇਤੀ ਕਰਜ਼ਾ ਮਾਫ਼ ਕਰਨ ਲਈ 2,000 ਕਰੋੜ ਰੁਪਏ ਬਜਟ ‘ਚ ਰੱਖੇ ਗਏ ਹਨ। ਇਸ ਵਿੱਚੋਂ 520 ਕਰੋੜ ਰੁਪਏ ਬੇਜ਼ਮੀਨੇ ਅਤੇ ਹੋਰ ਖੇਤ ਕਾਮਿਆਂ ਲਈ ਰਾਖਵੇਂ ਰੱਖੇ ਜਾਣਗੇ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸੀਟੀ ਸਕੈਨ, ਅਲਟ੍ਰਾਸਾਊਂਡ ਮਸ਼ੀਨਾਂ, ਐੱਮ.ਆਰ.ਆਈ. ਤੇ ਕੈਥ ਲੈਬਜ਼ ਪੀ.ਪੀ.ਪੀ. ਮੋਡ ਅਧੀਨ ਹੀ ਮੁਹੱਈਆ ਕਰਵਾਏ ਜਾਣਗੇ। ਬਜਟ ਵਿੱਚ ਪ੍ਰਸਤਾਵ ਰੱਖਿਆ ਗਿਆ ਹੈ ਕਿ 14 ਕਰੋੜ ਰੁਪਏ ਦੀ ਮੁਢਲੀ ਲਾਗਤ ਨਾਲ ਗੁਰਦਾਸਪੁਰ ਤੇ ਬਲਾਚੌਰ ‘ਚ 2 ਨਵੇਂ ਖੇਤੀਬਾੜੀ ਕਾਲਜ ਖੋਲ੍ਹੇ ਜਾਣਗੇ। ਪੰਜਾਬ ਸਰਕਾਰ 62 ਕਰੋੜ ਰੁਪਏ ਦੀ ਲਾਗਤ ਨਾਲ ਫ਼ਾਜ਼ਿਲਕਾ ਦੇ ਪਿੰਡ ਸੱਪਾਂਵਾਲੀ ‘ਚ ਗੁਰੂ ਅਮਰ ਦਾਸ ਵੈਟਰਨਰੀ ਐਂਡ ਸਾਇੰਸ ਯੂਨੀਵਰਸਿਟੀ ਦਾ ਇੱਕ ਵੈਟਰਨਰੀ ਕਾਲਜ ਤੇ ਖੇਤਰੀ ਖੋਜ ਕੇਂਦਰ ਸਥਾਪਤ ਕਰੇਗੀ। ਇਸ ਤੋਂ ਇਲਾਵਾ ਸਰਕਾਰ ਸੂਬੇ ਵਿੱਚ 25 ਹੋਰ ਓ.ਓ.ਏ.ਟੀ ਕਲੀਨਿਕ ਸਥਾਪਤ ਕਰੇਗੀ। ਇਸ ਤੋਂ ਪਹਿਲਾਂ ਪੰਜਾਬ ‘ਚ 193 ਅਜਿਹੇ ਕਲੀਨਿਕ ਚੱਲ ਰਹੇ ਹਨ।ਪੰਜਾਬ ‘ਚ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਮਿਲੇਗੀ ਮੁਫ਼ਤ ਸਿੱਖਿਆ- ਪੰਜਾਬ ਸਰਕਾਰ ਰਾਜ ਦੇ ਸਾਰੇ ਸਰਕਾਰੀ ਸਕੂਲਾਂ ‘ਚ 12ਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰੇਗੀ। ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਇਸ ਬਾਰੇ ਐਲਾਨ ਕੀਤਾ।ਕਿਸਾਨਾਂ ਨੂੰ ਮੁਫ਼ਤ ਤੇ ਉਦਯੋਗਾਂ ਨੂੰ ਸਸਤੀ ਬਿਜਲੀ ਲਈ ਰੱਖੇ 10,542 ਕਰੋੜ- ਪੰਜਾਬ ਸਰਕਾਰ ਨੇ ਸੂਬੇ ਬਜਟ ‘ਚ ਉਦਯੋਗਾਂ ਨੂੰ ਸਸਤੀ ਬਿਜਲੀ ਪ੍ਰਦਾਨ ਕਰਨ ਲਈ 2,267 ਕਰੋੜ ਰੁਪਏ ਅਤੇ ਖੇਤਾਂ ‘ਚ ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਲਈ 8,275 ਕਰੋੜ ਰੁਪਏ ਰੱਖੇ ਹਨ। ਇੰਝ ਇਕੱਲੇ ਸਸਤੇ ਤੇ ਮੁਫ਼ਤ ਬਿਜਲੀ ਖੇਤਰ ਲਈ ਸਰਕਾਰ ਨੇ ਐਤਕੀਂ ਦੇ ਬਜਟ ਵਿੱਚ 10,542 ਕਰੋੜ ਰੁਪਏ ਰੱਖੇ ਹਨ। ਇਸ ਤੋਂ ਇਲਾਵਾ ਨਵੇਂ ਸਾਲ ਦਾ ਬਜਟ ਐਲਾਨਦਿਆਂ ਪੰਜਾਬ ਦੇ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਮੁਹਾਲੀ ‘ਚ ਸਰਕਾਰੀ ਮੈਡੀਕਲ ਕਾਲਜ ਦੀ ਉਸਾਰੀ ਲਈ 157 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫ਼ੋਨ ਮੁਹੱਈਆ ਕਰਵਾਉਣ ਲਈ 100 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਹੀ ਸਰਕਾਰ ਨੇ 19 ਨਵੇਂ ਸਰਕਾਰੀ ਆਈ.ਟੀ.ਆਈ. ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ। ਇਹ ਆਈ.ਟੀ.ਆਈਜ਼ ‘ਇੰਡਸਟੀਅਲ ਵੈਲਿਯੂ ਐਨਹਾਂਸਮੈਂਟ’ (ਸਟਰਾਈਵ) ਯੋਜਨਾ ਅਧੀਨ ਪੰਜਾਬ ਦੇ ਨਾਗਰਿਕਾਂ ਨੂੰ ਹੁਨਰਮੰਦ ਬਣਾਉਣ ਲਈ ਸਥਾਪਤ ਕੀਤੇ ਜਾਣੇ ਹਨ। ਪਿਛਲੇ ਸਾਲ ਦੇ ਬਜਟ ਦੇ ਮੁਕਾਬਲੇ ਐਤਕੀਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਲਈ ਰੱਖੀ ਰਕਮ ਵਿੱਚ 15 ਫ਼ੀਸਦੀ ਵਾਧਾ ਕੀਤਾ ਗਿਆ ਹੈ। ਐਤਕੀਂ ਇਸ ਵਿਭਾਗ ਲਈ 3,778 ਕਰੋੜ ਰੁਪਏ ਰੱਖੇ ਗਏ ਹਨ।ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ ਰੱਖੇ 25 ਕਰੋੜ- ਬਜਟ ਵਿੱਚ ਸੂਬੇ ਦੀਆਂ ਜੇਲ੍ਹਾਂ ਦੀ ਸੁਰੱਖਿਆ ਲਈ 25 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਪਟਿਆਲਾ ‘ਚ ਇੱਕ ਵਿਰਾਸਤੀ ਸੜਕ ਬਣਾਉਣ ਲਈ 25 ਕਰੋੜ ਰੁਪਏ ਦੀ ਗ੍ਰਾਂਟ ਰੱਖੀ ਗਈ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ 250 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੀਆਂ 750 ਕਿਲੋਮੀਟਰ ਲੰਮੀਆਂ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸੇ ਯੋਜਨਾ ਅਧੀਨ ਅਨੰਦਪੁਰ ਸਾਹਿਬ–ਬੰਗਾ ਸੜਕ ਦਾ ਨਾਂਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ ਉੱਤੇ ਰੱਖਿਆ ਜਾਵੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਸਾਲ 2019–20 ਦੌਰਾਨ ਪੰਜਾਬ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 1 ਲੱਖ 66 ਹਜ਼ਾਰ 830 ਰੁਪਏ ਰਹੀ ਹੈ; ਜੋ ਕਿ ਰਾਸ਼ਟਰੀ ਪ੍ਰਤੀ ਵਿਅਕਤੀ ਔਸਤ ਆਮਦਨ 1,35,050 ਰੁਪਏ ਦੇ ਮੁਕਾਬਲੇ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਸਬਜ਼ੀ ਦੀ ਵਿਕਰੀ ਲਈ ਫ਼ੀਸ 4 ਫ਼ੀਸਦੀ ਤੋਂ ਘਟਾ ਕੇ 1 ਫ਼ੀਸਦੀ ਕਰਨ ਦਾ ਐਲਾਨ ਵੀ ਕੀਤਾ ਹੈ। ਸਾਰੀਆਂ ਸਰਕਾਰੀ ਤੇ ਨਿੱਜੀ ਬੱਸਾਂ ਵਿੱਚ ‘ਵਹੀਕਲਜ਼ ਟ੍ਰੈਕਿੰਗ ਸਿਸਟਮ/ਪੈਸੇਂਜਰ ਇਨਫ਼ਾਰਮੇਸ਼ਨ’ ਸਿਸਟਮ ਫ਼ਿੱਟ ਕੀਤੇ ਜਾਣਗੇ। ਜਿਨ੍ਹਾਂ ਰਾਹੀਂ ਕੰਟਰੋਲ ਰੂਮ ਉੱਤੇ ਇਹ ਲਗਾਤਾਰ ਪਤਾ ਲੱਗਦਾ ਰਹੇਗਾ ਕਿ ਬੱਸ ਜਾਂ ਹੋਰ ਵਾਹਨ ਕਿਸੇ ਖ਼ਾਸ ਵੇਲੇ ਕਿੱਥੇ ਹੈ ਜਾਂ ਕਿੱਥੇ ਸੀ। ਇਸ ਦੇ ਨਾਲ ਹੀ ਯਾਤਰੀਆਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ।ਕੰਡੀ ਇਲਾਕੇ ‘ਚ ਟਿਊਬਵੈਲ ਅਪਗ੍ਰੇਡ ਕਰਨ ਲਈ ਰੱਖੇ 17 ਕਰੋੜ- ਪੰਜਾਬ ਦੇ ਕੰਡੀ ਇਲਾਕੇ ‘ਚ ਟਿਊਬਵੈੱਲਾਂ ਦੀ ਮੁਰੰਮਤ ਤੇ ਉਨ੍ਹਾਂ ਦੀ ਅਪਗ੍ਰੇਡਿੰਗ ਲਈ 17 ਕਰੋੜ ਰੁਪਏ ਰੱਖੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਦੇ ਸ਼ਹਿਰਾਂ ਪਟਿਆਲਾ, ਅੰਮ੍ਰਿਤਸਰ ਤੇ ਫ਼ਰੀਦਕੋਟ ‘ਚ ਸਥਿਤ ਸਰਕਾਰੀ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਨ ਲਈ ਬਜਟ ਵਿੱਚ 224 ਕਰੋੜ ਰੁਪਏ ਰੱਖੇ ਗਏ ਹਨ। ਮੁਹਾਲੀ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਖੇਤੀਬਾੜੀ ਮੰਡੀਕਰਣ ਨਵੀਨਤਾ ਖੋਜ ਤੇ ਸੂਝਬੂਝ ਕੇਂਦਰ ਖੋਲ੍ਹਣ ਲਈ 10 ਕਰੋੜ ਰੁਪਏ ਰੱਖੇ ਗਏ ਹਨ। ਹਰੀਕੇ ਪੱਤਣ ਨੂੰ ਸੈਰ–ਸਪਾਟਾ ਕੇਂਦਰ (ਟੂਰਿਸਟ ਸਪੌਟ) ਬਣਾਉਣ ਲਈ 75 ਕਰੋੜ ਰੁਪਏ ਰੱਖੇ ਗਏ ਹਨ। ਅਨੁਸੂਚਿਤ ਜਾਤਾਂ/ਪੱਛੜੀਆਂ ਸ਼੍ਰੇਣੀਆਂ ਤੇ ਹੋਰ ਵਰਗਾਂ ਨੂੰ ਮੁਫ਼ਤ ਬਿਜਲੀ ਲਈ 1,705 ਕਰੋੜ ਰੁਪਏ ਰੱਖੇ ਗਏ ਹਨ।