May 5, 2026
#ਪ੍ਰਮੁੱਖ ਖ਼ਬਰਾਂ #ਭਾਰਤ

ਸ਼ਾਹੀਨ ਬਾਗ਼ ‘ਚ ਧਾਰਾ–144 ਲਾਗੂ- ਭਾਰੀ ਗਿਣਤੀ ਪੁਲਿਸ ਤਾਇਨਾਤ

ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਸ਼ਾਹੀਨ ਬਾਗ਼ ਇਲਾਕੇ ‘ਚ ਧਾਰਾ–144 ਲਾਗੂ ਕਰ ਦਿੱਤੀ ਹੈ ਅਤੇ ਅਹਿਤਿਆਤ ਵਜੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਉੱਧਰ ਹਿੰਦੂ ਸੈਨਾ ਨੇ ਬੀਤੇ ਕੱਲ੍ਹ ਐਲਾਨ ਕੀਤਾ ਸੀ ਕਿ ਉਹ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਨੂੰ ਖ਼ਤਮ ਕਰਵਾ ਦੇਣਗੇ। ਚੇਤੇ ਰਹੇ ਕਿ ਸ਼ਾਹੀਨ ਬਾਗ਼ ‘ਚ ਪਿਛਲੇ ਸਾਲ 15 ਦਸੰਬਰ ਤੋਂ ਆਮ ਲੋਕ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਧਰਨੇ ‘ਤੇ ਬੈਠੇ ਹਨ। ਦਿੱਲੀ ਦੇ ਸ਼ਾਹੀਨ ਬਾਗ਼ ‘ਚ ਸੰਯੁਕਤ ਕਮਿਸ਼ਨਰ ਡੀ.ਸੀ. ਸ਼੍ਰੀਵਾਸਤਵ ਨੇ ਕਿਹਾ ਕਿ ਅਹਿਤਿਆਤ ਵਜੋਂ ਇੱਥੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। ਸਾਡਾ ਮੰਤਵ ਕਾਨੂੰਨ ਤੇ ਵਿਵਸਥਾ ਕਾਇਮ ਰੱਖਣਾ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਰੋਕਣਾ ਹੈ। ਸ਼ਾਹੀਨ ਬਾਗ਼ ‘ਚ ਪ੍ਰਦਰਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਦਾਖ਼ਲ ਪਟੀਸ਼ਨ ‘ਤੇ ਸੁਣਵਾਈ 23 ਮਾਰਚ ਨੂੰ ਹੋਣੀ ਤੈਅ ਹੈ। ਪਟੀਸ਼ਨ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ। ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਜਸਟਿਸ ਐੱਸ.ਕੇ. ਕੌਲ ਅਤੇ ਜਸਟਿਸ ਕੇ.ਐੱਮ. ਜੋਜ਼ਫ਼ ਦੇ ਬੈਂਚ ਨੇ ਕਿਹਾ ਸੀ ਕਿ ਇੱਕ ਕਾਨੂੰਨ ਹੈ ਤੇ ਲੋਕਾਂ ਨੂੰ ਉਸ ਵਿਰੁੱਧ ਸ਼ਿਕਾਇਤ ਹੈ।