ਪੰਜਾਬ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਵੱਲੋਂ ਬਿਨਾਂ ਹਾਈਜੀਨ ਰੇਟਿੰਗ ਵਾਲੇ ਐਫ.ਬੀ.ਓਜ਼ ਤੋਂ ਭੋਜਨ ਦੀ ਆਨਲਾਈਨ ਸਪਲਾਈ ‘ਤੇ ਪਾਬੰਦੀ
30 ਅਪ੍ਰੈਲ ਤੋਂ ਪ੍ਰਭਾਵੀ ਹੋਵੇਗੀ 1 ਸਾਲ ਦੀ ਪਾਬੰਦੀ : ਕਾਹਨ ਸਿੰਘ ਪੰਨੂੰ
ਚੰਡੀਗੜ੍ਹ – ਪਾਬੰਦੀ ਦੇ ਹੁਕਮ ਜਾਰੀ ਕਰਦਿਆਂ ਫੂਡ ਸਪਲਾਈ ਐਂਡ ਡਰੱਗ ਐਡਮਿਨਸਟ੍ਰੇਸ਼ਨ ਦੇ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਦੱÎਸਿਆ ਕਿ ਜਨਤਾ ਦੇ ਵਡੇਰੇ ਹਿੱਤ ਵਿੱਚ ਫੂਡ ਸੇਫਟੀ ਐਂਡ ਸਟੈਂਡਰਡਰਜ਼ ਐਕਟ, 2006 ਦੀ ਧਾਰਾ 30 (2) (ਏ) ਅਤੇ 18 (1) (ਏ) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਾਈਜੀਨ ਰੇਟਿੰਗ ਨਾ ਕਰਵਾਉਣ ਵਾਲੇ ਫੂਡ ਬਿਜਨਸ ਆਪਰੇਟਰਾਂ (ਐਫ.ਬੀ.ਓਜ਼) ਨਾਲ ਸਬੰਧਤ ਆਨਲਾਈਨ ਫੂਡ ਸਪਲਾਈ ਐਗਰੀਗੇਟਰਾਂ (ਓ.ਐਫ.ਐਸ.ਏਜ਼) ਦੁਅਰਾ ਭੋਜਨ ਦੀ ਵੰਡ/ਸਪਲਾਈ/ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਜਾਰੀ ਕੀਤੇ ਹੁਕਮਾਂ ਵਿੱਚ ਓ.ਐਫ.ਐਸ.ਏਜ਼ ਨੂੰ ਬਿਨਾਂ ਹਾਈਜੀਨ ਰੇਟਿੰਗ ਵਾਲੇ ਐਫ.ਬੀ.ਓਜ਼ ਅਤੇ ਉਹ ਐਫ.ਬੀ.ਓਜ਼ ਜਿਨ੍ਹਾਂ ਦੀ ਰੇਟਿੰਗ 5 ਵਿੱਚੋਂ 3 ਤੋਂ ਘੱਟ ਹੈ, ਤੋਂ ਭੋਜਨ ਲੈਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।ਪਾਬੰਦੀ ਸਬੰਧੀ ਇਹ ਹੁਕਮ ਸੂਬੇ ਭਰ ਵਿੱਚ 30 ਅਪ੍ਰੈਲ 2020 ਤੋਂ ਪ੍ਰਭਾਵੀ ਹੋਣਗੇ ਅਤੇ 1 ਸਾਲ ਤੱਕ ਲਾਗੂ ਰਹਿਣਗੇ।ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸੂਬੇ ਵਿੱਚ ਸੂਚਨਾ ਤਕਨਾਲੋਜੀ ‘ਤੇ ਅਧਾਰਤ ਆਨਲਾਈਨ ਫੂਡ ਸਪਲਾਈ ਐਗਰੀਗੇਟਰਜ਼ ਜਿਵੇਂ ਮੈਸਰਜ਼ ਊਬਰ ਈਟਸ, ਮੈਸਰਜ਼ ਸਵਿਗੀ, ਮੈਸਰਜ਼ ਜਮੈਟੋ, ਮੈਸਰਜ਼ ਫੂਡ ਪਾਂਡਾ ਆਦਿ ਫੂਡ ਬਿਜਨਸ ਆਪਰੇਟਰਾਂ ਤੋਂ ਭੋਜਨ ਲੈ ਕੇ ਖ਼ਪਤਕਾਰਾਂ ਨੂੰ ਵਿਕਰੀ/ਸਪਲਾਈ ਕਰ ਰਹੇ ਹਨ। ਆਈ.ਟੀ. ਅਧਾਰਤ ਪਲੇਟਫਾਰਮ ਰਾਹੀਂ ਭੋਜਨ ਡਲਿਵਰ ਕਰਨ ਦਾ ਇਹ ਇਕ ਤਾਜ਼ਾ ਵਰਤਾਰਾ ਹੈ ਜਿਸ ਵਿਚ ਭੋਜਨ ਦੇ ਖਪਤਕਾਰਾਂ ਅਤੇ ਭੋਜਨ ਬਣਾਉਣ, ਖਾਸ ਕਰ ਤਾਜ਼ਾ ਭੋਜਨ ਪਕਾਉਣ ਵਾਲਿਆਂ ਵਿਚਕਾਰ ਸਿੱਧਾ ਅਤੇ ਮੁੱਢਲਾ ਸੰਪਰਕ ਟੁੱਟ ਗਿਆ ਹੈ। ਆਨਲਾਈਨ ਫੂਡ ਸਪਲਾਈ ਐਗਰੀਗੇਟਰਜ਼ ਦੁਆਰਾ ਭੋਜਨ ਦੀ ਵੰਡ/ਵਿਕਰੀ/ਸਪਲਾਈ ਨੇ ਭੋਜਨ ਦੀ ਗੁਣਵੱਤਾ ਨੂੰ ਬਣਾਏ ਰੱਖਣ ਦੀ ਜ਼ਿੰਮੇਵਾਰੀ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਸਬੰਧੀ ਖ਼ਪਤਕਾਰ ਫੂਡ ਬਿਜ਼ਨਸ ਆਪਰੇਟਰਾਂ ਤੋਂ ਭੋਜਨ ਲੈਣ ਸਮੇਂ ਪਹਿਲਾਂ ਖੁਦ ਜਾਂਚ ਕਰਦੇ ਰਹੇ ਹਨ। ਆਨਲਾਈਨ ਫੂਡ ਸਲਪਾਈ ਐਗਰੀਗੇਟਰਜ਼ ਦੁਆਰਾ ਭੋਜਨ ਦੀ ਸਪਲਾਈ ਨਾਲ ਇਹ ਯਕੀਨੀ ਬਣਾਉਣਾ ਜ਼ਰੂਰੀ ਹੋ ਗਿਆ ਹੈ ਕਿ ਇਹ ਐਗਰੀਗੇਟਰ ਖ਼ਪਤਕਾਰਾਂ ਨੂੰ ਸਿਰਫ਼ ਮਿਆਰੀ ਅਤੇ ਸਾਫ਼-ਸੁਥਰੇ ਭੋਜਨ ਦੀ ਸਪਲਾਈ ਹੀ ਕਰਨ।






