ਨਿਰਭਯਾ ਕੇਸ ਦੋਸ਼ੀਆਂ ਦੀ ਤੀਜੀ ਵਾਰ ਟਲੀ ਫਾਂਸੀ, ਕੋਰਟ ਨੇ ਅਗਲੇ ਆਦੇਸ਼ ਤੱਕ ਲਾਈ ਰੋਕ
ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਦੇ ਚਾਰੇ ਦੋਸ਼ੀਆਂ ਦੀ ਫਾਂਸੀ ਨੂੰ ਤੀਜੀ ਵਾਰ ਟਾਲ ਦਿੱਤਾ ਗਿਆ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਫਾਂਸੀ ‘ਤੇ ਅਗਲੇ ਆਦੇਸ਼ ਤਕ ਰੋਕ ਲਾਈ ਹੈ। ਦੱਸਣਯੋਗ ਹੈ ਕਿ 3 ਮਾਰਚ ਭਾਵ ਮੰਗਲਵਾਰ ਨੂੰ ਨਿਰਭਯਾ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਹੋਣੀ ਸੀ, ਜਿਸ ‘ਤੇ ਕੋਰਟ ਨੇ ਰੋਕ ਲਾ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੋਸ਼ੀਆਂ ਦੀ ਫਾਂਸੀ ਨੂੰ 2 ਵਾਰ ਟਾਲ ਦਿੱਤਾ ਗਿਆ ਹੈ। ਚਾਰੇ ਦੋਸ਼ੀਆਂ ਅਕਸ਼ੈ, ਮੁਕੇਸ਼, ਵਿਨੇ ਅਤੇ ਪਵਨ ਦੀ ਫਾਂਸੀ ਦਿੱਤੀ ਜਾਣੀ ਹੈ। ਕੋਰਟ ਦਾ ਕਹਿਣਾ ਹੈ ਕਿ ਇਕ ਦੋਸ਼ੀ ਦੀ ਦਯਾ ਪਟੀਸ਼ਨ ਰਾਸ਼ਟਰਪਤੀ ਕੋਲ ਪੈਂਡਿੰਗ ਹੈ, ਅਜਿਹੇ ‘ਚ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ।ਦੋਸ਼ੀ ਪਵਨ ਦੀ ਕਿਊਰੇਟਿਵ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਅੱਜ ਭਾਵ ਸੋਮਵਾਰ ਨੂੰ ਖਾਰਜ ਕਰ ਦਿੱਤਾ। ਕਿਊਰੇਟਿਵ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਦੋਸ਼ੀ ਪਵਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਾਹਮਣੇ ਦਯਾ ਪਟੀਸ਼ਨ ਲਾਈ ਸੀ। ਇਸ ਦੇ ਨਾਲ ਹੀ ਪਟਿਆਲਾ ਹਾਊਸ ਕੋਰਟ ਨੇ ਡੈੱਥ ਵਾਰੰਟ ‘ਤੇ ਰੋਕ ਲਾਉਣ ਦੀ ਅਕਸ਼ੈ ਅਤੇ ਪਵਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।






