ਕਰੋਨਾਵਾਇਰਸ ਬਾਰੇ ਅਫ਼ਵਾਹਾਂ ਤੋਂ ਦੂਰ ਰਹਿਣ ਦੇਸ਼ ਵਾਸੀ: ਮੋਦੀ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕਾਂ ਨੂੰ ਕਰੋਨਾਵਾਇਰਸ ਬਾਰੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਇਕ-ਦੂਜੇ ਨਾਲ ਹੱਥ ਨਾ ਮਿਲਾਏ ਜਾਣ ਤੇ ‘ਨਮਸਤੇ’ ਕਰਨ ਨੂੰ ਹੀ ਤਰਜੀਹ ਦਿੱਤੀ ਜਾਵੇ। ਮੋਦੀ ਨੇ ਕਿਹਾ ਕਿ ਅਜਿਹੀਆਂ ਸਥਿਤੀਆਂ ’ਚ ਅਫ਼ਵਾਹਾਂ ਬੜੀ ਤੇਜ਼ੀ ਨਾਲ ਫੈਲਦੀਆਂ ਹਨ, ਖਾਣ-ਪੀਣ ਤੇ ਕੁਝ ਕਰਨ ਜਾਂ ਨਾ ਕਰਨ ਬਾਰੇ ਸਲਾਹਾਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਵਿਸ਼ੇਸ਼ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਤਾਂ ਕਿ ਬੀਮਾਰੀ ਦੂਰ ਰਹੇ। ਇਸ ਲਈ ਬੇਨਤੀ ਹੈ ਕਿ ਇਨ੍ਹਾਂ ਅਫ਼ਵਾਹਾਂ-ਸਲਾਹਾਂ ਤੋਂ ਦੂਰੀ ਬਣਾਈ ਜਾਵੇ ਤੇ ਡਾਕਟਰ ਦੀ ਸਲਾਹ ਨਾਲ ਹੀ ਸਭ ਕੀਤਾ ਜਾਵੇ, ਖ਼ੁਦ ਡਾਕਟਰ ਨਾ ਬਣਿਆ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਾ ਸੰਸਾਰ ਹੁਣ ‘ਨਮਸਤੇ’ ਕਹਿਣ ਦੀ ਆਦਤ ਪਾ ਰਿਹਾ ਹੈ, ਜੇ ਕੁਝ ਕਾਰਨਾਂ ਕਰ ਕੇ ਅਸੀਂ ਇਹ ਆਦਤ ਛੱਡੀ ਵੀ ਸੀ, ਹੁਣ ਦੁਬਾਰਾ ਸਮਾਂ ਹੈ ਕਿ ਅਸੀਂ ਨਮਸਤੇ ਕਹਿਣ ਦੀ ਆਦਤ ਪਾਈਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਜਨ ਔਸ਼ਧੀ ਦਿਵਸ’ ਮੌਕੇ ਵੀਡੀਓ ਕਾਨਫ਼ਰੰਸ ਰਾਹੀਂ ਜਨ ਔਸ਼ਧੀ ਕੇਂਦਰਾਂ ਦੇ ਮਾਲਕਾਂ ਤੇ ‘ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ’ ਦੇ ਲਾਭਪਾਤਰੀਆਂ ਨਾਲ ਰਾਬਤਾ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਇਸ ਸਕੀਮ ਨੂੰ ਮੁਲਕ ਦੇ ਗਰੀਬ ਤਬਕੇ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣ ਤਾਂ ਕਿ ਉਹ ਵੀ ਲਾਭ ਲੈ ਸਕਣ।






