ਭਾਰਤ ਵਿੱਚ ਆ ਸਕਦੀ ਹੈ ਕੈਂਸਰ ਦੀ ਸੁਨਾਮੀ : ਮਾਹਿਰ ਡਾਕਟਰ
ਵਾਸ਼ਿੰਗਟਨ – ਕੈਂਸਰ ਦੇ ਮਰੀਜ਼ਾਂ ਦੇ ਸਫਲ ਇਲਾਜ ਤੇ ਇਸ ਘਾਤਕ ਬਿਮਾਰੀ ਬਾਰੇ ਆਪਣੀਆਂ ਅਹਿਮ ਰਿਸਰਚਾਂ ਦੇ ਕਾਰਨ ਦੁਨੀਆ ਭਰ ਵਿੱਚ ਮਸ਼ਹੂਰ ਭਾਰਤੀ ਮੂਲ ਦੇ 2 ਡਾਕਟਰਾਂ ਨੇ ਭਾਰਤ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ| ਡਾਕਟਰ ਦੱਤਾਤ੍ਰੇਯੁਡੂ ਨੋਰੀ ਤੇ ਡਾਕਟਰ ਰੇਖਾ ਭੰਡਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਤੇ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਭਾਰਤ ਬਹੁਤ ਜਲਦੀ ਕੈਂਸਰ ਦੀ ਸੁਨਾਮੀ ਦੀ ਗ੍ਰਿਫਤ ਵਿੱਚ ਹੋਵੇਗਾ| ਕੈਂਸਰ ਰੋਗ ਮਾਹਰ ਡਾਕਟਰ ਦੱਤਾਤ੍ਰੇਯੁਡੂ ਨੋਰੀ ਇਸ ਘਾਤਕ ਬੀਮਾਰੀ ਨਾਲ ਪੀੜਤ ਕਈ ਵੱਡੇ ਭਾਰਤੀ ਨੇਤਾਵਾਂ ਦਾ ਇਲਾਜ ਕਰ ਚੁੱਕੇ ਹਨ, ਜਿਹਨਾਂ ਵਿੱਚ ਸਾਬਕਾ ਰਾਸ਼ਟਰਪਤੀ ਸਵਰਗੀ ਨੀਲਮ ਸੰਜੀਵ ਰੈਡੀ ਵੀ ਸ਼ਾਮਲ ਹਨ| ਡਾਕਟਰ ਰੇਖਾ ਭੰਡਾਰੀ ਦਰਦ ਨਿਵਾਰਕ ਦਵਾਈਆਂ ਦੇ ਖੇਤਰ ਵਿੱਚ ਆਪਣੇ ਰਿਸਰਚ ਦੇ ਲਈ ਜਾਣੀ ਜਾਂਦੀ ਹੈ| ਦੋਵਾਂ ਨੇ ਦੱਸਿਆ ਕਿ ਹੈਲਥ ਐਜੂਕੇਸ਼ਨ ਤੇ ਰੋਗ ਦੀ ਸ਼ੁਰੂਆਤੀ ਪੜਾਅ ਵਿੱਚ ਪਛਾਣ ਕਰਨ ਦੀਆਂ ਜ਼ਬਰਦਸਤ ਕੋਸ਼ਿਸ਼ਾਂ ਦੇ ਰਾਹੀਂ ਹੀ ਭਾਰਤ ਨੂੰ ਕੈਂਸਰ ਦੀ ਸੁਨਾਮੀ ਦੀ ਗ੍ਰਿਫਤ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ| ਭਾਰਤੀ ਮੂਲ ਦੇ ਦੋਵਾਂ ਡਾਕਟਰਾਂ ਨੇ ਦੱਸਿਆ ਕਿ ਜੇਕਰ ਤੁਰੰਤ ਲੋੜੀਂਦੇ ਤੇ ਸਹੀ ਕਦਮ ਨਹੀਂ ਚੁੱਕੇ ਗਏ ਤਾਂ ਉਹਨਾਂ ਦੇ ਜਨਮਸਥਾਨ ਵਾਲਾ ਦੇਸ਼ ਇਸ ਭਿਆਨਕ ਬੀਮਾਰੀ ਦੀ ਸੁਨਾਮੀ ਦੀ ਲਪੇਟ ਵਿੱਚ ਆ ਸਕਦਾ ਹੈ| ਨੋਰੀ ਨੇ ਦੱਸਿਆ ਕਿ ਭਾਰਤ ਵਿੱਚ ਕੈਂਸਰ ਕਾਰਨ ਰੋਜ਼ਾਨਾ 1300 ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਭਾਰਤ ਵਿੱਚ ਹਰੇਕ ਸਾਲ ਕੈਂਸਰ ਦੇ ਤਕਰੀਬਨ 12 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ| ਇਹ ਇਸ ਰੋਗ ਦੀ ਜਲਦੀ ਪਛਾਣ ਦੀ ਘੱਟ ਦਰ ਤੇ ਖਰਾਬ ਇਲਾਜ ਵੱਲ ਇਸ਼ਾਰਾ ਕਰਦਾ ਹੈ|ਨਿਊਯਾਰਕ ਰਹਿਣ ਵਾਲੇ ਭਾਰਤੀ ਮੂਲ ਦੇ ਡਾਕਟਰ ਨੋਰੀ ਨੇ ਕਈ ਚੋਟੀ ਦੇ ਭਾਰਤੀ ਨੇਤਾਵਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ ਪਰ ਉਹ ਖੁਦ ਨੂੰ ਲੋ-ਪ੍ਰੋਫਾਈਲ ਰੱਖਣਾ ਪਸੰਦ ਕਰਦੇ ਹਨ| ਉਹ ਮੀਡੀਆ ਨਾਲ ਗੱਲਬਾਤ ਕਰਨ ਤੋਂ ਬਚਦੇ ਹਨ| ਉਹਨਾਂ ਕਿਹਾ ਕਿ ਕੈਂਸਰ ਨਾਲ ਭਾਰਤ ਦੇ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਤੌਰ ਤੇ ਗੰਭੀਰ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ| ਇਹ ਬੀਮਾਰੀ ਪੀੜਤ ਪਰਿਵਾਰ ਨੂੰ ਗਰੀਬੀ ਦੀ ਦਲਦਲ ਵਿੱਚ ਫਸਾ ਦਿੰਦੀ ਹੈ ਤੇ ਸਮਾਜਿਕ ਅਸਮਾਨਤਾ ਨੂੰ ਵਧਾਉਂਦੀ ਹੈ|






