ਪੋਸਟਮਾਰਟਮ ਰਿਪੋਰਟ ਅਨੁਸਾਰ ਆਈ ਬੀ ਕਰਮਚਾਰੀ ਅੰਕਿਤ ਸ਼ਰਮਾ ਤੇ ਚਾਕੂ ਨਾਲ ਹੋਏ ਸਨ 12 ਵਾਰ
ਨਵੀਂ ਦਿੱਲੀ – ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਹੋਈ ਹਿੰਸਾ ਦੌਰਾਨ ਮਾਰੇ ਗਏ ਇੰਟੈਲੀਜੈਂਸ ਬਿਊਰੋ (ਆਈ.ਬੀ.) ਦੇ ਕਰਮਚਾਰੀ ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਵਿੱਚ ਦਿਲ ਦਹਿਲਾਉਣ ਵਾਲੇ ਖੁਲਾਸੇ ਹੋਏ ਹਨ| ਪੋਸਟਮਾਰਟਮ ਰਿਪੋਰਟ ਅਨੁਸਾਰ ਉਨ੍ਹਾਂ ਦੇ ਸਰੀਰ ਤੇ ਸੱਟਾਂ ਦੇ ਕੁੱਲ 51 ਨਿਸ਼ਾਨ ਪਾਏ ਗਏ ਹਨ| ਇਨ੍ਹਾਂ ਵਿੱਚ ਚਾਕੂ ਮਾਰੇ ਜਾਣ ਦੇ 12 ਨਿਸ਼ਾਨ ਮਿਲੇ ਹਨ| ਅੰਕਿਤ ਸ਼ਰਮਾ ਦੇ ਪੈਰ, ਛਾਤੀ ਅਤੇ ਪਿਛਲੇ ਹਿੱਸੇ ਵਿੱਚ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ| ਪੁਲੀਸ ਸੂਤਰਾਂ ਅਨੁਸਾਰ ਅੰਕਿਤ ਸ਼ਰਮਾ ਦੇ ਸਰੀਰ ਤੇ ਚਾਕੂ ਨਾਲ ਕਾਫੀ ਡੂੰਘਾ ਵਾਰ ਕੀਤਾ ਗਿਆ ਹੈ| ਇਹ ਵਾਰ ਕਈ ਵਾਰ ਕੀਤਾ ਗਿਆ| ਪੋਸਟਮਾਰਮਟ ਰਿਪੋਰਟ ਅਨੁਸਾਰ, ਅੰਕਿਤ ਸ਼ਰਮਾ ਦੇ ਸਰੀਰ ਤੇ ਕੱਟ ਦੇ 6 ਨਿਸ਼ਾਨ ਹਨ, ਜਦੋਂ ਕਿ 33 ਸੱਟ ਦੇ ਨਿਸ਼ਾਨ ਹੈ, ਜੋ ਦੱਸਦੇ ਹਨ ਕਿ ਉਨ੍ਹਾਂ ਨੂੰ ਰਾਡ ਅਤੇ ਡੰਡਿਆਂ ਨਾਲ ਵੀ ਮਾਰਿਆ ਗਿਆ ਸੀ| ਅੰਕਿਤ ਦੇ ਸਿਰ ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਸੀ| ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅੰਕਿਤ ਦੇ ਸਰੀਰ ਤੇ ਜ਼ਿਆਦਾਤਰ ਰੈਡ, ਪਰਪਲ ਅਤੇ ਬਲਿਊ ਕਲਰ ਦੇ ਮਾਰਕ ਮਿਲੇ ਹਨ| ਇਹ ਨਿਸ਼ਾਨ ਜ਼ਿਆਦਾਤਰ ਪੈਰ ਅਤੇ ਮੋਢੇ ਕੋਲ ਹਨ|ਅੰਕਿਤ ਸ਼ਰਮਾ ਦੇ ਕਤਲ ਦਾ ਦੋਸ਼ ਆਮ ਆਦਮੀ ਪਾਰਟੀ (ਆਪ) ਦੇ ਬਰਖ਼ਾਸਤ ਕੌਂਸਲਰ ਤਾਹਿਰ ਹੁਸੈਨ ਤੇ ਲੱਗਾ ਹੈ| ਤਾਹਿਰ ਹੁਸੈਨ ਵਿਰੁੱਧ ਕਤਲ, ਅੱਗਜਨੀ ਅਤੇ ਹਿੰਸਾ ਫੈਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ| ਦਿੱਲੀ ਪੁਲੀਸ ਨੇ ਤਾਹਿਰ ਹੁਸੈਨ ਦੇ ਚਾਂਦਬਾਗ ਵਿੱਚ ਸਥਿਤ ਘਰ ਅਤੇ ਖਜ਼ੂਰੀ ਖਾਸ ਸਥਿਤ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ| ਜਿਕਰਯੋਗ ਹੈ ਕਿ ਇੰਟੈਲੀਜੈਂਸ ਬਿਊਰੋ ਦੇ ਕਰਮਚਾਰੀ ਅੰਕਿਤ ਸ਼ਰਮਾ, ਉੱਤਰ-ਪੂਰਬੀ ਦਿੱਲੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ| ਹਿੰਸਾ ਦੌਰਾਨ ਚਾਕੂ ਮਾਰਨ ਅਤੇ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ| ਅੰਕਿਤ ਸ਼ਰਮਾ ਦੀ ਲਾਸ਼ 26 ਫਰਵਰੀ ਨੂੰ ਚਾਂਦਬਾਗ ਵਿੱਚ ਨਾਲੇ ਵਿੱਚੋਂ ਮਿਲੀ ਸੀ|






