ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਾਸੀਆਂ ਨੂੰ ਵਿਆਹ-ਸ਼ਾਦੀ ਦੇ ਪ੍ਰੋਗਰਾਮ ਟਾਲਣ ਦੀ ਅਪੀਲ
ਨਵੀਂ ਦਿੱਲੀ – ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ 19 ਦੀ ਦਹਿਸ਼ਤ ਹੈ| ਭਾਰਤ ਵਿੱਚ ਇਹ ਵਾਇਰਸ ਵਧਦਾ ਜਾ ਰਿਹਾ ਹੈ| ਭਾਰਤ ਵਿੱਚ ਹੁਣ ਤਕ ਕੋਰੋਨਾ ਵਾਇਰਸ ਦੇ 113 ਕੇਸ ਸਾਹਮਣੇ ਆ ਗਏ ਹਨ| ਦੇਸ਼ ਵਿੱਚ ਹੁਣ ਤਕ ਇਸ ਵਾਇਰਸ ਦੀ ਵਜ੍ਹਾ ਕਰ ਕੇ 2 ਮੌਤਾਂ ਹੋ ਗਈਆਂ ਹਨ| ਦਿੱਲੀ ਵਿੱਚ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 2 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ| ਦਿੱਲੀ ਸਰਕਾਰ ਕੋਰੋਨਾ ਨਾਲ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ| ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਬਾਬਤ ਮੀਡੀਆ ਨਾਲ ਰੂ-ਬ-ਰੂ ਹੋਏ ਅਤੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ| ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੋ ਸਕੇ ਤਾਂ ਵਿਆਹਾਂ ਦੀ ਤਰੀਕ ਅੱਗੇ ਵਧਾ ਦਿਓ ਯਾਨੀ ਕਿ ਵਿਆਹ ਪ੍ਰੋਗਰਾਮ ਟਾਲਣ ਦੀ ਅਪੀਲ ਕੀਤੀ| 50 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਈ ਗਈ ਹੈ| ਭੀੜ-ਭਾੜ ਵਾਲੇ ਪ੍ਰੋਗਰਾਮ ਰੱਦ ਕੀਤੇ ਗਏ ਹਨ| ਲੋਕਾਂ ਨੂੰ ਅਪੀਲ ਹੈ ਕਿ ਹੱਥ ਮਿਲਾਉਣਾ ਬੰਦ ਕੀਤਾ ਜਾਵੇ| ਲੋਕ ਸਰਕਾਰ ਦਾ ਸਾਥ ਦੇਣ, ਤਾਂ ਕਿ ਕੋਰੋਨਾ ਨੂੰ ਹਰਾਇਆ ਜਾ ਸਕੇ| ਦਿੱਲੀ ਵਿਚ 31 ਮਾਰਚ ਤਕ ਪਾਰਕ, ਜਿਮ ਅਤੇ ਨਾਈਟ ਕਲੱਬ ਬੰਦ ਹਨ| ਦਿੱਲੀ ਵਿੱਚ 31 ਮਾਰਚ ਤਕ ਸਕੂਲ-ਕਾਲਜ ਵੀ ਬੰਦ ਕਰ ਦਿੱਤੇ ਗਏ ਹਨ| 500 ਐਮਰਜੈਂਸੀ ਬੈੱਡ ਤਿਆਰ ਕੀਤੇ ਗਏ ਹਨ| ਥਾਂ-ਥਾਂ ਤੇ ਹੱਥ ਧੋਣ ਦੇ ਇੰਤਜ਼ਾਮ ਹੋਣਗੇ| ਜਿਕਰਯੋਗ ਹੈ ਕਿ ਭਾਰਤ ਵਿੱਚ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਹੈ| ਦੁਨੀਆ ਭਰ ਵਿੱਚ 6,523 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1,69,935 ਵਿਅਕਤੀ ਵਾਇਰਸ ਦੀ ਲਪੇਟ ਵਿੱਚ ਹਨ| ਚੀਨ ਤੋਂ ਬਾਅਦ ਇਟਲੀ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ| ਇੱਥੇ ਮੌਤਾਂ ਦਾ ਅੰਕੜਾ 1500 ਤੋਂ ਵਧੇਰੇ ਹੈ| ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਜਿੱਥੇ ਕੇਂਦਰ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਵਿਦੇਸ਼ ਦੀ ਸੈਰ ਨਾ ਕੀਤੀ ਜਾਵੇ| ਕੇਂਦਰ ਸਰਕਾਰਾਂ ਅਤੇ ਸੂਬਾ ਸਰਕਾਰਾਂ ਕੋਰੋਨਾ ਨਾਲ ਮਿਲ ਕੇ ਨਜਿੱਠ ਰਹੀਆਂ ਹਨ|






