May 5, 2026
#ਪ੍ਰਮੁੱਖ ਖ਼ਬਰਾਂ #ਭਾਰਤ

ਨਿਰਭਯਾ ਕੇਸ ਦੋਸ਼ੀਆਂ ਨੇ ਫਾਂਸੀ ਰੋਕਣ ਲਈ ਕੌਮਾਂਤਰੀ ਅਦਾਲਤ ਦਾ ਰੁਖ ਕੀਤਾ

ਨਵੀਂ ਦਿੱਲੀ – ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਵਿਚ ਦੋਸ਼ੀਆਂ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਦੇ ਦਰਮਿਆਨ ਚਾਰ ਵਿਚੋਂ 3 ਦੋਸ਼ੀਆਂਂ ਅਕਸ਼ੈ, ਪਵਨ ਅਤੇ ਵਿਨੇ ਨੇ ਫਾਂਸੀ ਦੀ ਸਜ਼ਾ ਤੇ ਰੋਕ ਲਾਉਣ ਲਈ ਕੌਮਾਂਤਰੀ ਅਦਾਲਤ (ਆਈ. ਸੀ. ਜੇ.) ਦਾ ਰੁਖ਼ ਕੀਤਾ ਹੈ| ਉਕਤ ਦੋਸ਼ੀਆਂ ਨੇ ਨਵੀਂ ਚਾਲ ਚੱਲਦੇ ਹੋਏ ਕੌਮਾਂਤਰੀ ਅਦਾਲਤ ਤੋਂ ਆਪਣੀ ਮੌਤ ਦੀ ਸਜ਼ਾ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ| ਜਿਕਰਯੋਗ ਹੈ ਕਿ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਦੇ ਕਾਨੂੰਨੀ ਬਦਲ ਖਤਮ ਹੋ ਚੁੱਕੇ ਹਨ ਅਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦਰਿੰਦਿਆਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦੇਣ ਲਈ ਨਵਾਂ ਡੈਥ ਵਾਰੰਟ ਜਾਰੀ ਕੀਤਾ ਹੈ| ਡੈਥ ਵਾਰੰਟ ਤੇ 3 ਵਾਰ ਰੋਕ ਲੱਗ ਚੁੱਕੀ ਹੈ| ਇਸੇ ਦੌਰਾਨ ਨਿਰਭਯਾ ਰੇਪ ਕੇਸ ਵਿਚ ਦੋਸ਼ੀ ਮੁਕੇਸ਼ ਸਿੰਘ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ| 20 ਮਾਰਚ ਨੂੰ ਫਾਂਸੀ ਰੋਕਣ ਦੀ ਉਸ ਦੀ ਇਕ ਹੋਰ ਕੋਸ਼ਿਸ਼ ਫੇਲ ਹੋ ਗਈ ਹੈ| ਸੁਪਰੀਮ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ| ਇਸ ਪਟੀਸ਼ਨ ਵਿਚ ਮੁਕੇਸ਼ ਨੇ ਆਪਣੀ ਪਹਿਲੀ ਵਕੀਲ ਵਿਰੁੱਧ ਐਕਸ਼ਨ ਦੀ ਮੰਗ ਕੀਤੀ ਸੀ| ਜਸਟਿਸ ਮਿਸ਼ਰਾ ਨੇ ਪਟੀਸ਼ਨ ਨੂੰ ਖਾਰਜ ਕੀਤਾ ਹੈ| ਦੋਸ਼ੀ ਮੁਕੇਸ਼ ਨੇ ਦੋਸ਼ ਲਗਾਇਆ ਸੀ ਕਿ ਵਰਿੰਦਾ ਗਰੋਵਰ ਨੇ ਸਾਜਿਸ਼ ਰਚ ਕੇ ਉਸ ਨੂੰ ਧੋਖਾ ਦਿੱਤਾ ਸੀ| ਉਸ ਨੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ| ਜੇਕਰ ਕੋਈ ਕਾਨੂੰਨੀ ਰੁਕਾਵਟ ਨਹੀਂ ਆਉਂਦੀ ਹੈ ਤਾਂ ਨਿਰਭਯਾ ਕੇਸ ਦੇ ਚਾਰੇ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 6 ਵਜੇ ਦੇ ਕਰੀਬ ਫਾਂਸੀ ਹੋਣੀ ਹੈ|