October 2, 2026
#ਖੇਡਾਂ

ਕੋਰੋਨਾ ਵਾਇਰਸ ਨੇ 21 ਸਾਲਾ ਫੁੱਟਬਾਲ ਦੇ ਕੋਚ ਦੀ ਲਈ ਜਾਨ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਕੋਹਰਾਮ ਮਚਾਇਆ ਹੋਇਆ ਹੈ। ਲਗਭਗ ਸਾਰੇ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਰੀਜ਼ ਮਿਲ ਰਹੇ ਹਨ। ਇਸ ਵਾਇਰਸ ਨਾਲ ਹੁਣ ਤਕ 6 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨੇ ਚੀਨ ਤੋਂ ਬਾਅਦ ਯੂਰਪ ‘ਚ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਇਟਲੀ ਤੇ ਸਪੇਨ ‘ਚ ਤਾਂ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਇਸ ਵਿਚਾਲੇ ਖਬਰ ਹੈ ਕਿ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਕ ਨੌਜਵਾਨ ਫੁੱਟਬਾਲ ਕੋਚ ਦੀ ਵੀ ਮੌਤ ਹੋ ਚੁੱਕੀ ਹੈ। ਮਲਾਗਾ ਦੇ ਕਲੱਬ ਐਥਲੇਟਿਕੋ ਪੋਰਟਡਾ ਦੀ ਜੂਨੀਅਰ ਟੀਮ ਦੇ ਕੋਚ ਫ੍ਰਾਂਸਿਸਕੋ ਗਾਰਸੀਆ ਨੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦਮ ਤੋੜ ਦਿੱਤਾ ਹੈ।ਫੁੱਟਬਾਲ ਕਲੱਬ ਐਥਲੇਟਿਕੋ ਪੋਰਟਡਾ ਨੇ ਜਾਣਕਾਰੀ ਦਿੱਤੀ ਕਿ ਉਸਦੇ ਜੂਨੀਅਰ ਟੀਮ ਦੇ ਕੋਚ ਫ੍ਰਾਂਸਿਸਕੋ ਗਾਰਸੀਆ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਫ੍ਰਾਂਸਿਸਕੋ ਸਿਰਫ 21 ਸਾਲ ਦੇ ਸਨ। ਸਪੇਨ ‘ਚ ਉਹ ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲੇ ਸਭ ਤੋਂ ਨੌਜਵਾਨ ਵਿਅਕਤੀ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਸਾਲ 2016 ਤੋਂ ਐਥਲੇਟਿਕੋ ਪੋਰਟਡਾ ਨਾਲ ਜੁੜੇ ਹੋਏ ਸਨ ਤੇ ਉਹ ਇਸਦੇ ਨਾਲ ਕੈਂਸਰ ਨਾਲ ਵੀ ਜੂਝ ਰਹੇ ਸਨ।