ਅਮਰੀਕਾ : ਸਟੋਰੇਜ ਯੂਨਿਟ ਵਿੱਚ ਮਿਲੀ ਦੋ ਹਫਤੇ ਪਹਿਲਾਂ ਲਾਪਤਾ ਹੋਈ ਔਰਤ ਦੀ ਲਾਸ਼
ਮੋਨਟਾਨਾਂ (ਅਮਰੀਕਾ) – ਅਮਰੀਕਾ ਦੇ ਮੋਨਟਾਨਾਂ ਰਾਜ ਵਿੱਚ ਲਗਭਗ ਦੋ ਹਫਤੇ ਪਹਿਲਾਂ ਲਾਪਤਾ ਹੋਈ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਘਟਨਾ ਦੇ ਸੰਬੰਧ ਵਿੱਚ ਕੈਸਕੇਡ ਕਾਉਂਟੀ ਸ਼ੈਰਿਫ ਨੇ ਦੱਸਿਆ ਕਿ ਸੈਲੀ ਜੇਨ ਡੈਮਰਿਸ-ਸਮਿੱਥ ਦੀ ਲਾਸ਼ ਐਤਵਾਰ ਦੁਪਹਿਰ ਨੂੰ ਗ੍ਰੇਟ ਫਾਲਜ਼ ਦੀ ਇੱਕ ਸਟੋਰੇਜ ਯੂਨਿਟ ਵਿੱਚ ਖੜੀ ਉਸ ਦੀ ਕਾਰ ਵਿੱਚੋਂ ਮਿਲੀ। ਜਿਕਰਯੋਗ ਹੈ ਕਿ ਡੈਮਰਿਸ-ਸਮਿੱਥ (52) 25 ਸਤੰਬਰ ਨੂੰ ਆਪਣੀ ਟੋਯੋਟਾ ਕੈਰੋਲਾ ਕਾਰ ਸਮੇਤ ਲਾਪਤਾ ਹੋ ਗਈ ਸੀ। ਇਸ ਔਰਤ ਨੂੰ ਅਧਿਕਾਰੀਆਂ ਅਤੇ ਉਸਦੇ ਭਾਈਚਾਰੇ ਦੁਆਰਾ ਲੱਭਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇੰਨਾਂ ਹੀ ਨਹੀਂ ਇਸ ਲਾਪਤਾ ਹੋਈ ਮਾਂ ਦਾ ਉਸਦੇ ਇੱਕ ਦੋਸਤ ਨੇ ਲਾਸ਼ ਮਿਲਣ ਤੋਂ ਪਹਿਲਾਂ ਇੱਕ ਫੇਸਬੁੱਕ ਪੇਜ ਵੀ ਬਣਾਇਆ ਸੀ। ਡੈਮਰਿਸ-ਸਮਿੱਥ ਆਪਣੇ ਚਾਰ ਬੱਚਿਆਂ ਅਤੇ ਪਤੀ ਟ੍ਰੋਈ ਨਾਲ ਰਹਿੰਦੀ ਸੀ। ਉਹ ਇੱਕ ਭਾਸ਼ਣ ਅਤੇ ਭਾਸ਼ਾ ਪੈਥੋਲੋਜੀ ਇੰਸਟ੍ਰਕਟਰ ਸੀ।






