ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਡਾਇਰੈਕਟਰ ਸਥਾਨਕ ਸਰਕਾਰ ਦੇ ਖਿਲਾਫ ਦਿੱਤਾ ਧਰਨਾ
ਟਿਊਬਵੈਲ ਅਤੇ ਡਿਸਪੈਂਸਰੀ ਦੇ ਪਾਸ ਮਤਿਆਂ ਉੱਤੇ ਮਹੀਨਿਆਂ ਬੱਧੀ ਲੱਗੀ ਰੋਕ ਦੇ ਖਿਲਾਫ ਲਾਮਬੰਦ ਹੋਏ ਪਿੰਡ ਵਾਸੀ
ਸੜਕ ਕੀਤੀ ਜਾਮ
ਬਲਾਸਟਿੰਗ ਸਕਾਈ ਹਾਕ, ਮੋਹਾਲੀ :
ਸੋਹਾਣਾ ਦੇ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਐਮ.ਡੀ. ਲੇਬਰਫੈਡ ਦੀ ਅਗਵਾਈ ਹੇਠ ਅੱਜ ਡਾਇਰੈਕਟਰ ਸਥਾਨਕ ਸਰਕਾਰ ਦੇ ਖਿਲਾਫ ਪਿਛਲੇ ਕਈ ਮਹੀਨਿਆਂ ਤੋਂ ਸੋਹਾਣਾ ਦੇ ਅਹਿਮ ਪਾਸ ਕੀਤੇ ਮਤਿਆਂ ਨੂੰ ਰੋਕ ਕੇ ਰੱਖਣ ਸਬੰਧੀ ਧਰਨਾ ਦਿੱਤਾ ਗਿਆ|
ਸੋਹਾਣਾ ਦੀ ਟੈਂਕੀ ਨੇੜੇ ਦਿੱਤੇ ਮੁੱਖ ਸੜਕ ਉੱਤੇ ਦਿੱਤੇ ਗਏ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਡਾਇਰੈਕਟਰ ਸਥਾਨਕ ਸਰਕਾਰ ਦਾ ਦਫਤਰ ਮੋਹਾਲੀ ਨਗਰ ਨਿਗਮ ਦੀ ਚੁਣੀ ਹੋਈ ਨਿਗਮ ਦੇ ਨੁਮਾਇੰਦਿਆਂ ਨਾਲ ਸਰੇਆਮ ਧੱਕਾ ਕਰ ਰਿਹਾ ਹੈ| ਉਨ੍ਹਾਂ ਕਿਹਾ ਕਿ ਸੋਹਾਣਾ ਦੇ ਦੋ ਅਹਿਮ ਮਤੇ ਪਾਸ ਕਰਕੇ ਭੇਜਿਆਂ ਨੂੰ ਕਈ ਮਹੀਨੇ ਹੋ ਗਏ ਹਨ ਪਰ ਡਾਇਰੈਕਟਰ ਸਥਾਨਕ ਸਰਕਾਰ ਵਲੋਂ ਇਨ੍ਹਾਂ ਬਾਰੇ ਟੈਂਡਰ ਕੱਢਣ ਲਈ ਜਰੂਰੀ ਸਹਿਮਤੀ ਨਹੀਂ ਭੇਜੀ ਜਾ ਰਹੀ ਜਿਸਦੇ ਵਿਰੋਧ ਵਿਚ ਪਿੰਡ ਵਾਸੀਆਂ ਨੂੰ ਅੱਜ ਧਰਨਾ ਦੇਣਾ ਪੈ ਰਿਹਾ ਹੈ|
ਟਿਊਬਵੈਲ ਦੀ ਮੰਜੂਰੀ ਨਹੀਂ ਦਿੱਤੀ : ਉਨ੍ਹਾਂ ਦੱਸਿਆ ਕਿ ਸੋਹਾਣਾ ਵਿਚ ਪਾਣੀ ਦੀ ਸਪਲਾਈ ਲਈ ਲੱਗਿਆ ਇਕ ਟਿਊਬਵੈਲ ਖਰਾਬ ਹੋ ਚੁੱਕਿਆ ਹੈ| ਇਸ ਸਬੰਧੀ ਲੋਕਾਂ ਨੂੰ ਲੋੜੀਂਦੀ ਪੀਣ ਵਾਲੇ ਪਾਣੀ ਦੀ ਸਪਲਾਈ ਵਾਸਤੇ ਉਨ੍ਹਾਂ ਨੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਕਹਿ ਕੇ 9 ਅਕਤੂਬਰ 2018 ਦੀ ਮੀਟਿੰਗ ਵਿਚ ਸੋਹਾਣਾ ਵਿਚ ਟਿਊਬਵੈਲ ਵਾਸਤੇ ਟੇਬਲ ਆਈਟਮ ਪਾਸ ਕਰਵਾਈ ਸੀ| ਇਸ ਨੂੰ ਅੱਜ ਚਾਰ ਮਹੀਨੇ ਬੀਤ ਗਏ ਹਨ ਪਰ ਡਾਇਰੈਕਟਰ ਸਥਾਨਕ ਸਰਕਾਰ ਨੇ ਇਸ ਉਤੇ ਕੋਈ ਮੰਜੂਰੀ ਨਹੀਂ ਭੇਜੀ|
ਡਿਸਪੈਂਸਰੀ ਦੀ ਮੁੜ ਉਸਾਰੀ ਦਾ ਮਤਾ ਡੇਢ ਸਾਲ ਤੋਂ ਰੋਕਿਆ : ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਇਸੇ ਤਰ੍ਹਾਂ ਲਗਭਗ ਡੇਢ ਸਾਲ ਪਹਿਲਾਂ ਸੋਹਾਣਾ ਦੀ ਡਿਸਪੈਂਸਰੀ ਦੀ ਨਰਕਮਈ ਹਾਲਤ ਵਿਚ ਸੁਧਾਰ ਲਈ ਇਸਦੀ ਮੁੜ ਉਸਾਰੀ ਦਾ ਮਤਾ 28 ਨਵੰਬਰ 2017 ਨੂੰ ਪਾਇਆ ਗਿਆ ਸੀ ਪਰ ਪਿਛਲੇ ਡੇਢ ਸਾਲ ਤੋਂ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਨੇ ਇਸਦੇ ਟੈਂਡਰ ਕੱਢਣ ਦੀ ਵੀ ਇਜਾਜਤ ਨਹੀਂ ਦਿੱਤੀ|
ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਡਾਇਰੈਕਟਰ ਸਥਾਨਕ ਸਰਕਾਰ ਦਫਤਰ ਨੂੰ ਮੋਹਾਲੀ ਦੇ ਲੋਕਾਂ ਦੀ ਬਿਲਕੁਲ ਪਰਵਾਹ ਨਹੀਂ ਹੈ ਅਤੇ ਨਾ ਹੀ ਉਹ ਮੋਹਾਲੀ ਦੇ ਕੌਂੋਸਲਰਾਂ ਵਲੋਂ ਪਾਸ ਕੀਤੇ ਗਏ ਮਤਿਆਂ ਦੀ ਹੀ ਕੋਈ ਪਰਵਾਹ ਕਰਦੇ ਹਨ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫੌਰੀ ਤੌਰ ਤੇ ਇਨ੍ਹਾਂ ਮਤਿਆਂ ਬਾਰੇ ਕਾਰਵਾਈ ਨਾ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ|
ਇਸ ਧਰਨੇ ਵਿਚ ਇਲਾਕੇ ਦੇ ਕੌਂਸਲਰ ਸੁਰਿੰਦਰ ਸਿੰਘ ਰੋਡਾ, ਕੌਂਸਲਰ ਕਮਲਜੀਤ ਕੌਰ, ਨੰਬਰਦਾਰ ਹਰਵਿੰਦਰ ਸਿੰਘ, ਨੰਬਰਦਾਰ ਹਰਸੰਗਤ ਸਿੰਘ, ਦਵਿੰਦਰ ਸਿੰਘ, ਜਗਦੀਪ ਸਿੰਘ, ਜਰਨੈਲ ਸਿੰਘ, ਚਰਨਜੀਤ ਕੌਰ ਤੇ ਹੋਰ ਪਿੰਡ ਵਾਸੀ ਸ਼ਾਮਿਲ ਹੋਏ|